
ਭਾਜਪਾ ਨੇ ਚਾਰ ਸੂਬਿਆਂ ਵਿਚ ਮੁੜ ਸਰਕਾਰ ਬਣਾਉਣ ਦਾ ਕੀਤਾ ਦਾਅਵਾ
ਪੰਜਾਬ ’ਚ ਮਜ਼ਬੂਤ ਹੋਵੇਗੀ ਭਾਜਪਾ : ਅਮਿਤ ਸ਼ਾਹ
ਨਵੀਂ ਦਿੱਲੀ, 5 ਮਾਰਚ : ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਉਤਰ ਪ੍ਰਦੇਸ਼, ਉਤਰਾਖੰਡ, ਮਣੀਪੁਰ ਅਤੇ ਗੋਆ ’ਚ ਮੁੜ ਸੱਤਾ ਵਿਚ ਵਾਪਸੀ ਕਰੇਗੀ ਜਦਕਿ ਪੰਜਾਬ ਵਿਚ ਅਪਣੀ ਸਥਿਤੀ ਮਜਬੂਤ ਕਰੇਗੀ। ਪਾਰਟੀ ਨੇ ਇਹ ਵੀ ਦਾਅਵਾ ਕੀਤਾ ਉਸ ਨੂੰ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਦਾ ਲਾਭ ਮਿਲਿਆ ਹੈ।
ਪੰਜ ਰਾਜਾਂ ਦੀਆਂ ਚੋਣਾਂ ’ਚ ਆਖ਼ਰੀ ਗੇੜ ਦਾ ਪ੍ਰਚਾਰ ਖ਼ਤਮ ਹੋਣ ਦੇ ਬਾਅਦ ਪਾਰਟੀ ਮੁੱਖ ਦਫ਼ਤਰ ਵਿਚ ਪ੍ਰੈੱਸ ਕਾਨਫ਼ਰੰਸ ਵਿਚ ਉਨ੍ਹਾਂ ਕਿਹਾ ਭਾਜਪਾ ਨੇ ਵਿਗਿਆਨਕ ਚੋਣ ਮੁਹਿੰਮ ਚਲਾਈ ਅਤੇ ਇਸ ਵਿਚ ਬੂਥ ਪੱਧਰ ਤੋਂ ਲੈ ਕੇ ਰਾਸ਼ਟਰੀ ਅਗਵਾਈ ਤਕ ਸਾਰਿਆਂ ਨੇ ਯੋਗਦਾਨ ਦਿਤਾ। ਉਨ੍ਹਾਂ ਕਿਹਾ, ‘‘ਮੈਂ ਯਕੀਨੀ ਤੌਰ ’ਤੇ ਕਹਿ ਸਕਦਾ ਹਾਂ ਕਿ ਪੰਜ ਰਾਜਾਂ ਦੇ ਲੋਕਾਂ ਨੇ ਭਾਜਪਾ ਨੂੰ ਚੰਗਾ ਹੁੰਗਾਰਾ ਦਿਤਾ ਹੈ। ਚਾਰ ਰਾਜਾਂ ਵਿਚ ਜਿਥੇ ਭਾਜਪਾ ਸੱਤਾ ਵਿਚ ਹੈ, ਉਥੇ ਭਾਜਪਾ ਫਿਰ ਤੋਂ ਵਾਪਸੀ ਕਰੇਗੀ ਅਤੇ ਪੰਜਾਬ ਵਿਚ ਸਾਡੀ ਸਥਿਤੀ ਮਜ਼ਬੂਤ ਹੋਵੇਗੀ।’’
ਸ਼ਾਹ ਨੇ ਕਿਹਾ ਕਿ ਪੰਜ ਰਾਜਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਆਜ਼ਾਦ ਭਾਰਤ ਦੇ ਕਿਸੇ ਵੀ ਪ੍ਰਧਾਨ ਮੰਤਰੀ ਦੀ ਲੋਕਪ੍ਰਿਯਤਾ ਤੋਂ ਕਿਤੇ ਵਧ ਦਿਖਾਈ ਦਿਤੀ ਅਤੇ
ਇਸ ਦਾ ਸਿੱਧਾ ਫ਼ਾਇਦਾ ਭਾਜਪਾ ਨੂੰ ਇਨ੍ਹਾਂ ਚੋਣਾਂ ਵਿਚ ਹੋ ਰਿਹਾ ਹੈ। ਉਨ੍ਰਾਂ ਕਿਹਾ ਕਿ ਉਤਰ ਪ੍ਰਦੇਸ਼ ਵਿਚ ਭਾਜਪਾ ਬੁਹਮਤ ਨਾਲ ਸਰਕਾਰ ਬਣਾਏਗੀ ਅਤੇ ਉਸ ਨੂੰ ਕਿਸੇ ਪਾਰਟੀ ਦੇ ਸਮਰਥਨ ਦੀ ਲੋੜ ਨਹੀਂ ਪਵੇਗੀ।
ਭਾਜਪਾ ਪ੍ਰਧਾਨ ਜੇ.ਪੀ.ਨੱਡਾ ਨੇ ਵੀ ਦਾਅਵਾ ਕੀਤਾ ਕਿ ਪੰਜ ਵਿਚੋਂ ਚਾਰ ਰਾਜਾਂ ਵਿਚ ਭਾਜਪਾ ਸੱਤਾ ਵਿਚ ਵਾਪਸੀ ਕਰੇਗੀ। ਉਨ੍ਹਾਂ ਕਿਹਾ ਕਿ ਚਾਰੇ ਰਾਜਾਂ ਵਿਚ ਚੰਗੇ ਬਹੁਮਤ ਨਾਲ ਜਿੱਤ ਕੇ ਭਾਜਪਾ ਅਪਣੀ ਸਰਕਾਰ ਬਣਾਏਗੀ ਅਤੇ ਪੰਜਾਬ ਵਿਚ ਉਸ ਨੂੰ ਜਨਤਾ ਦੇ ਸਕਾਰਾਤਮਕ ਪ੍ਰਤੀਕਰਮ ਮਿਲੇ ਹਨ। ਨੱਡਾ ਨੇ ਕਿਹਾ ਕਿ ਅੰਤਮ ਪਾਏਦਾਨ ’ਤੇ ਖਡੇ ਵਿਅਕਤੀ ਦਾ ਸਸ਼ਕਤੀਕਰਨ ਇਸ ਚੋਣ ’ਚ ਪਮੁੱਖ ਮੁਣਾ ਰਿਹਾ ਅਤੇ ਜਨਤਾ ਵਿਚ ਇਸ ਦਾ ਸਕਾਰਾਤਮਕ ਪ੍ਰਭਾਵ ਵੀ ਦਿਖਿਆ। (ਏਜੰਸੀ)