
ਮੁੱਖ ਮੰਤਰੀ ਚੰਨੀ ਨੇ ਮੰਤਰੀਆਂ ਤੇ ਵਿਧਾਇਕਾਂ ਨਾਲ ਵਿਸ਼ੇਸ਼ ਮੀਟਿੰਗ 'ਚ ਅਹਿਮ ਮਾਮਲੇ 'ਤੇ ਵਿਚਾਰ ਕੀਤੀ
ਯੂਕਰੇਨ 'ਚ ਫਸੇ ਪੰਜਾਬੀ ਵਿਦਿਆਰਥੀ ਦੀ ਸੁਰੱਖਿਆ ਅਤੇ ਭਾਖੜਾ ਬੋਰਡ ਦੇ ਮੁੱਦੇ ਉਪਰ ਕੀਤੀ ਚਰਚਾ
ਚੰਡੀਗੜ੍ਹ, 4 ਮਾਰਚ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਥੇ ਮੰਤਰੀਆਂ ਅਤੇ ਕੁੱਝ ਵਿਧਾਇਕਾਂ ਨਾਲ ਮੀਟਿੰਗ ਕਰ ਕੇ ਯੂਕਰੇਨ ਵਿਚ ਫਸੇ ਪੰਜਾਬ ਦੇ ਵਿਦਿਆਰਥੀਆਂ ਅਤੇ ਭਾਖੜਾ ਬਿਆਸ ਪ੍ਰਬੰਧ ਬੋਰਡ ਵਿਚ ਕੇਂਦਰ ਵਲੋਂ ਪੰਜਾਬ ਦੀ ਸਥਾਈ ਮੈਂਬਰ ਖ਼ਤਮ ਕਰਨ ਦੇ ਮੁੱਦਿਆਂ ਉਪਰ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ ਗਈ |
ਇਸ ਮੀਟਿੰਗ ਵਿਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓ.ਪੀ.ਸੋਨੀ, ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਡਾ.ਰਾਜ ਕੁਮਾਰ ਵੇਰਕਾ, ਸੁਖ ਸਰਕਾਰੀਆ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ ਅਤੇ ਹਰਮੰਦਰ ਸਿੰਘ ਢਿੱਲੋਂ ਮੌਜੂਦ ਸਨ | ਮੀਟਿੰਗ ਵਿਚ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਮੁੱਖ ਮੰਤਰੀ ਤੇ ਕਾਂਗਰਸੀ ਆਗੂਆਂ ਉਪਰ ਯੂਕਰੇਨ ਵਿਚ ਫਸੇ
ਪੰਜਾਬੀ ਬੱਚਿਆਂ ਦੇ ਮਾਮਲੇ ਤੇ ਭਾਖੜਾ ਬੋਰਡ ਦੇ ਮੁੱਦੇ 'ਤੇ ਚੁੱਪ ਧਾਰਨ ਸਬੰਧੀ ਦਿਤੇ ਬਿਆਨ 'ਤੇ ਵੀ ਗੱਲ ਹੋਈ | ਮੀਟਿੰਗ ਤੋਂ ਬਾਅਦ ਡਾ. ਵੇਰਕਾ ਨੇ ਬਿਨਾਂ ਤਿਵਾੜੀ ਦਾ ਨਾਂ ਲਏ ਕਿਹਾ ਕਿ ਮੁੱਖ ਮੰਤਰੀ ਤੇ ਕਾਂਗਰਸ ਆਗੂਆਂ ਉਪਰ ਯੂਕਰੇਨ ਮਾਮਲੇ ਵਿਚ ਕੋਈ ਉਪਰਾਲਾ ਨਾ ਕਰਨ ਦੇ ਕੀਤੇ ਜਾ ਰਹੇ ਪ੍ਰਚਾਰ ਦੀ ਨਿਖੇਧੀ ਕੀਤੀ ਗਈ ਹੈ | ਉਨ੍ਹਾਂ ਅੱਜ ਹੋਈ ਮੀਟਿੰਗ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਭਾਖੜਾ ਬੋਰਡ ਵਿਚ ਪੰਜਾਬ ਦੀ ਮੈਂਬਰੀ ਖ਼ਤਮ ਕਰਨ ਦਾ ਸਖ਼ਤ ਵਿਰੋਧ ਕੀਤਾ ਗਿਆ | ਇਸ ਨੂੰ ਪੰਜਾਬ ਦੇ ਹੱਕਾਂ ਨੂੰ ਕੁਚਲਣ ਵਾਲਾ ਫ਼ੈਸਲਾ ਦਸਦੇ ਇਸ ਦੇ ਵਿਰੋਧ ਵਿਚ ਹਰ ਕਦਮ ਚੁਕਣ ਦਾ ਫ਼ੈਸਲਾ ਕੀਤਾ ਗਿਆ ਹੈ |
ਉਨ੍ਹਾਂ ਦਸਿਆ ਕਿ ਯੂਕਰੇਨ ਵਿਚ ਫਸੇ ਪੰਜਾਬ ਦੇ ਬੱਚਿਆਂ ਦੀ ਵਾਪਸੀ ਲਈ ਸੂਬਾ ਸਰਕਾਰ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ਵਿਚ ਹੈ | ਉਨ੍ਹਾਂ ਦਸਿਆ ਕਿ ਸਬੰਧਤ ਵਿਭਾਗ ਦਾ ਮੰਤਰੀ ਹੋਣ ਕਾਰਨ ਮੇਰੀ ਡਿਊਟੀ ਸਰਕਾਰ ਵਲੋਂ ਲਾਈ ਗਈ ਹੈ ਕਿ ਯੂਕਰੇਨ ਵਿਚੋਂ ਵਾਪਸ ਆ ਰਹੇ ਪੰਜਾਬ ਦੇ ਕਿਸੇ ਵਿਦਿਆਰਥੀ ਦੀ ਪੜ੍ਹਾਈ ਅਧੂਰੀ ਨਹੀਂ ਰਹਿਣੀ ਚਾਹੀਦੀ ਅਤੇ ਇਸ ਲਈ ਹਰ ਸੰਭਵ ਕਦਮ ਚੁਕੇ ਜਾਣ | ਉਨ੍ਹਾਂ ਦਸਿਆ ਕਿ 75 ਫ਼ੀ ਸਦੀ ਪੰਜਾਬ ਦੇ ਵਿਦਿਆਰਥੀ ਵਾਪਸ ਆ ਚੁੱਕੇ ਹਨ ਅਤੇ ਬਾਕੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਦੇ ਯਤਨ ਜਾਰੀ ਹਨ | ਬਾਕੀ ਰਹਿੰਦੇ 300 ਵਿਦਿਆਰਥੀ ਵੀ ਇਕ ਦੋ ਦਿਨ ਵਿਚ ਵਾਪਸ ਆ ਜਾਣਗੇ | ਪੰਜਾਬ ਦੇ ਜਿਸ ਇਕ ਵਿਦਿਆਰਥੀ ਦੀ ਮੌਤ ਹੋ ਗਈ ਹੈ, ਉਸ ਦੀ ਮਿ੍ਤਕਦੇਹ ਲਿਆਉਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ |
ਡੱਬੀ
ਚੋਣ ਕਮਿਸ਼ਨ ਤੋਂ ਕੈਬਨਿਟ ਮੀਟਿੰਗ ਲਈ ਆਗਿਆ ਮੰਗੀ
ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਖੜਾ ਬੋਰਡ ਤੇ ਕੁੱਝ ਹੋਰ ਅਹਿਮ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਚਿੰਤਤ ਹੈ | ਇਸ ਸਬੰਧ ਵਿਚ ਚੋਣ ਨਤੀਜਿਆਂ ਤੋਂ ਪਹਿਲਾਂ ਕੈਬਨਿਟ ਦੀ ਮੀਟਿੰਗ ਸੱਦਣ ਲਈ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਮੰਗੀ ਗਈ ਹੈ | ਕੈਬਨਿਟ ਮੀਟਿੰਗ ਕਰ ਕੇ ਪੰਜਾਬ ਦੇ ਹਿਤ ਸੁਰੱਖਿਅਤ ਰੱਖਣ ਲਈ ਫ਼ੈਸਲਾ ਲਿਆ ਜਾ ਸਕਦਾ ਹੈ |