
ਨੌਜਵਾਨ ਨੇ ਦੱਸਿਆ ਕਿ ਏਜੰਟ ਉਨ੍ਹਾਂ ਨੂੰ ਦੁਬਈ ਲਿਜਾਣ ਦਾ ਕਹਿ ਕੇ ਲੈ ਕੇ ਗਿਆ ਸੀ।
ਸ੍ਰੀ ਅਨੰਦਪੁਰ ਸਾਹਿਬ : ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਯਤਨਾਂ ਸਦਕਾ 8 ਪੰਜਾਬੀ ਨਾਗਰਿਕ ਸੁਰੱਖਿਅਤ ਭਾਰਤ ਪਰਤ ਆਏ ਹਨ। ਲੀਬੀਆ ’ਚ ਫਸੇ 12 ਵਿਅਕਤੀਆਂ ’ਚੋਂ 4 ਭਾਰਤੀ ਨਾਗਰਿਕ 13 ਫਰਵਰੀ ਨੂੰ ਪਰਤ ਆਏ ਸਨ। ਇਸ ਸਬੰਧੀ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਲੀਬੀਆ ’ਚ ਫਸੇ 12 ਭਾਰਤੀ ਨਾਗਰਿਕਾਂ ’ਚੋਂ 8 ਪੰਜਾਬੀ ਵੀ ਪਰਤ ਆਏ ਹਨ, ਜਿਨ੍ਹਾਂ ’ਚ ਜ਼ਿਆਦਾਤਰ ਸ੍ਰੀ ਅਨੰਦਪੁਰ ਸਾਹਿਬ ਜਾਂ ਨੇੜਲੇ ਇਲਾਕਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਨੂੰ ਏਜੰਟ ਗ਼ਲਤ ਢੰਗ ਨਾਲ ਦੁਬਈ ਲੈ ਕੇ ਗਏ ਤੇ ਉਥੋਂ ਇਨ੍ਹਾਂ ਨੂੰ ਲੀਬੀਆ ਭੇਜ ਦਿੱਤਾ ਗਿਆ, ਜਿਥੇ ਉਹ ਜਾਣਾ ਨਹੀਂ ਚਾਹੁੰਦੇ ਸਨ।
ਉਹਨਾਂ ਨੇ ਕਿਹਾ ਕਿ ਇਸ ਦੌਰਾਨ ਇਨ੍ਹਾਂ ਨੂੰ ਉਥੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲਾਲਪੁਰਾ ਨੇ ਦੱਸਿਆ ਕਿ ਫਿਰ ਇਨ੍ਹਾਂ ਵੱਲੋਂ ਸਾਡੇ ਤੱਕ 3 ਫਰਵਰੀ ਨੂੰ ਪਹੁੰਚ ਕੀਤੀ ਗਈ, ਜਿਸ ’ਤੇ ਅਸੀਂ ਭਾਰਤ ਸਰਕਾਰ ਤੇ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਲੀਬੀਆ ’ਚ ਸਾਡੀ ਅੰਬੈਸੀ ਨਹੀਂ ਹੈ, ਇਸ ਲਈ ਟਿਊਨੀਸ਼ੀਆ ’ਚ ਸਾਡੇ ਇੰਚਾਰਜ ਪਰਮਜੀਤ ਸਿੰਘ ਨੇ ਇਨ੍ਹਾਂ ਨੂੰ ਰਾਸ਼ਨ ਤੇ ਪੈਸੇ ਭੇਜੇ।
ਲੀਬੀਆ ਦੀ ਨਾਗਰਿਕ ਤਬੱਸੁਮ ਰਾਹੀਂ ਇਨ੍ਹਾਂ ਨੂੰ ਭਾਰਤ ਲਿਆਉਣ ’ਚ ਮਦਦ ਲਈ ਤੇ ਉਸ ਤੋਂ ਬਾਅਜ 2 ਮਾਰਚ ਨੂੰ ਇਹ ਭਾਰਤ ਪਰਤ ਆਏ। ਇਕਬਾਲ ਸਿੰਘ ਲਾਲਪੁਰਾ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਵਾਂਗ ਹੋਰਾਂ ਨਾਲ ਠੱਗੀ ਨਾ ਹੋਵੇ, ਇਸ ਲਈ ਅਸੀਂ ਇਹ ਸਾਰਾ ਮਾਮਲਾ ਲੋਕਾਂ ਤੱਕ ਲਿਆਉਣਾ ਚਾਹੁੰਦੇ ਹਾਂ। ਲਾਲਪੁਰਾ ਨੇ ਦੱਸਿਆ ਕਿ ਇਨ੍ਹਾਂ ਨੂੰ ਵਿਦੇਸ਼ ਭੇਜਣ ਵਾਲੀ ਕੰਪਨੀ ਖ਼ਿਲਾਫ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ। ਇਸ ਦੌਰਾਨ ਲੀਬੀਆ ਤੋਂ ਪਰਤੇ ਸ੍ਰੀ ਅਨੰਦਪੁਰ ਸਾਹਿਬ ਦੇ ਇਕ ਨੌਜਵਾਨ ਨੇ ਦੱਸਿਆ ਕਿ ਏਜੰਟ ਉਨ੍ਹਾਂ ਨੂੰ ਦੁਬਈ ਲਿਜਾਣ ਦਾ ਕਹਿ ਕੇ ਲੈ ਕੇ ਗਿਆ ਸੀ।