
ਮਿਉਂਸਪਲ ਕਾਰਪੋਰੇਸ਼ਨ ਇੰਪਲਾਈਜ ਯੂਨੀਅਨ ਦਾ ਇੱਕ ਵਫਦ ਅੱਜ ਐਸ ਐਸ ਪੀ ਮੁਹਾਲੀ ਨੂੰ ਮਿਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਨਿਗਮ ਦੇ ਜੂਨੀਅਰ ਸਹਾਇਕ ਕੇਸਰ ਸਿੰਘ
ਐਸ.ਏ.ਐਸ. ਨਗਰ, 20 ਜੁਲਾਈ (ਪਰਦੀਪ ਸਿੰਘ ਹੈਪੀ): ਮਿਉਂਸਪਲ ਕਾਰਪੋਰੇਸ਼ਨ ਇੰਪਲਾਈਜ ਯੂਨੀਅਨ ਦਾ ਇੱਕ ਵਫਦ ਅੱਜ ਐਸ ਐਸ ਪੀ ਮੁਹਾਲੀ ਨੂੰ ਮਿਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਨਿਗਮ ਦੇ ਜੂਨੀਅਰ ਸਹਾਇਕ ਕੇਸਰ ਸਿੰਘ ਨੇ ਦਸਿਆ ਕਿ ਨਗਰ ਨਿਗਮ ਦੀ ਆਵਾਰਾ ਪਸ਼ੂ ਫੜਨ ਵਾਲੀ ਟੀਮ ਨੇ ਮੁਹਾਲੀ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਆਵਾਰਾ ਪਸ਼ੂ 2-6-17 ਨੂੰ ਫੜੇ ਸਨ। ਇਸ ਦੌਰਾਨ ਸੈਕਟਰ-68 ਦੇ ਸਿਟੀ ਪਾਰਕ ਵਿੱਚ ਜਰਨੈਲ ਸਿੰਘ ਪੁੱਤਰ ਹਰਨੇਕ ਸਿੰਘ ਪਿੰਡ ਮਟੌਰ ਅਤੇ ਉਸਦੇ ਸਾਥੀਆਂ ਨੇ ਟੀਮ ਵੱਲੋਂ ਫੜੀ ਗਈ ਗਾਂ ਨੂੰ ਜਬਰਦਸਤੀ ਛੁਡਵਾ ਲਿਆ ਅਤੇ ਉਹਨਾਂ ਦੀ ਗੱਡੀ ਦੇ ਉਪਰ ਡੰਡੇ ਮਾਰਕੇ ਡੈਂਟ ਪਾ ਦਿਤੇ। ਇਸਦੇ ਨਾਲ ਹੀ ਇਹਨਾਂ ਵਿਅਕਤੀਆਂ ਨੇ ਸਰਕਾਰੀ ਕੈਟਲ ਕੈਂਚਰ ਗੱਡੀ ਦਾ ਡੰਡਾ ਮਾਰ ਕੇ ਸ਼ੀਸ਼ਾ ਤੋੜ ਦਿਤਾ। ਇਸਦੇ ਨਾਲ ਹੀ ਇਸ ਗੱਡੀ ਵਿੱਚੋਂ ਰੱਸੇ ਕੱਢ ਲਏ ਅਤੇ ਟੀਮ ਉੱਪਰ ਵੀ ਡੰਡਿਆ ਨਾਲ ਹਮਲਾ ਕਰ ਦਿੱਤਾ। ਜਿਸ ਕਰਕੇ ਨਿਗਮ ਦੀ ਟੀਮ ਆਪਣੀਆਂ ਗੱਡੀਆਂ ਵਿੱਚ ਸਵਾਰ ਹੋ ਕੇ ਦਫਤਰ ਆ ਗਈ। ਫਿਰ ਦਫਤਰ ਵਿੱਚ ਵੀ ਉਪਰੋਕਤ ਦੋਸ਼ੀਆਂ ਨੇ ਨਿਗਮ ਟੀਮ ਉਪਰ ਹਮਲਾ ਕੀਤਾ। ਜਿਸ ਕਰਕੇ ਟੀਮ ਮੈਂਬਰਾਂ ਨੇ ਦਫਤਰ ਵਿੱਚ ਲੁਕ ਕੇ ਆਪਣੀ ਜਾਨ ਬਚਾਈ। ਇਹ ਸਾਰੀ ਘਟਨਾ ਦਫਤਰ ਵਿੱਚ ਲੱਗੇ ਕੈਮਰੇ ਵਿੱਚ ਕੈਦ ਹੋ ਗਈ। ਉਹਨਾਂ ਦਸਿਆ ਕਿ 19 ਜੂਨ ਨੂੰ ਨਗਰ ਨਿਗਮ ਦੇ ਕਮਿਸ਼ਨਰ ਨੇ ਵੀ ਐਸ ਐਸ ਪੀ ਮੁਹਾਲੀ ਨੂੰ ਪੱਤਰ ਲਿਖ ਕੇ ਨਿਗਮ ਟੀਮ ਉੱਪਰ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਵੀ ਨਿਗਮ ਟੀਮ ਵੱਲੋਂ ਵੱਖ-ਵੱਖ ਸਮੇਂ ਮਟੌਰ ਅਤੇ ਫੇਜ਼-8 ਦੇ ਪੁਲੀਸ ਥਾਣਿਆਂ ਵਿੱਚ ਜਰਨੈਲ ਸਿੰਘ, ਸੁਖਬੀਰ ਸਿੰਘ, ਯੂਸਫ ਖਾਨ, ਮਹਿੰਦਰ ਸਿੰਘ ਖਿਲਾਫ ਸ਼ਿਕਾਇਤਾਂ ਦਿਤੀਆਂ ਜਾ ਚੁੱਕੀਆਂ ਹਨ। ਪਰ ਪੁਲੀਸ ਨੇ ਇਹਨਾਂ ਵਿਅਕਤੀਆਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਉਹਨਾਂ ਦਸਿਆ ਕਿ ਇਸ ਸਬੰਧੀ ਨਗਰ ਨਿਗਮ ਦੀ ਮੀਟਿੰਗ ਵਿੱਚ ਵੀ ਇਹ ਮਾਮਲਾ ਉਠਿਆ ਸੀ ਅਤੇ ਉਸਤੋਂ ਬਾਅਦ ਹੀ 19 ਜੂਨ ਨੂੰ ਨਗਰ ਨਿਗਮ ਦੇ ਕਮਿਸ਼ਨਰ ਨੇ ਇਹਨਾਂ ਵਿਅਕਤੀਆਂ ਵਿਰੁੱਧ ਕਾਰਵਾਈ ਲਈ ਐਸ ਐਸ ਪੀ ਨੂੰ ਪੱਤਰ ਲਿਖਿਆ ਸੀ। ਜਿਸ ਉੱਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਮੰਗ ਕੀਤੀ ਕਿ ਨਿਗਮ ਦੀ ਟੀਮ ਕੋਲੋਂ ਫੜੇ ਗਏ ਪਸ਼ੂ ਜਬਰਦਸਤੀ ਖੋਹਣ ਅਤੇ ਟੀਮ ਉਪਰ ਹਮਲਾ ਕਰਨ ਵਾਲੇ ਸਾਰੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੁਪਰਡੈਂਟ ਜਸਵਿੰਦਰ ਸਿੰਘ, ਯੂਨੀਅਨ ਦੇ ਜਨਰਲ ਸਕੱਤਰ ਹਰਮੇਸ਼ ਸਿੰਘ, ਗੁਰਮੀਤ ਸਿੰਘ ਗਿੱਲ ਵੀ ਮੌਜੂਦ ਸਨ।
ਐਸ ਐਸ ਪੀ ਐਸ ਏ ਐਸ ਨਗਰ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਮਾਮਲੇ ਸੰਬੰਧੀ ਉਹਨਾਂ ਵੱਲੋਂ ਐਸ ਪੀ ਸਿਟੀ ਨੂੰ ਜਿੰਮੇਵਾਰੀ ਦਿਤੀ ਗਈ ਹੈ ਅਤੇ ਇਸ ਸਬੰਧੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।