
ਬੀਤੀ 30 ਜੂਨ ਨੂੰ ਮੋਹਾਲੀ ਫੇਜ਼-11 ਥਾਣੇ ਦੇ ਅਧੀਨ ਪੈਂਦੀ ਅੰਬ ਸਾਹਿਬ ਕਾਲੋਨੀ ਦੇ ਪ੍ਰਧਾਨ ਗਿਰਧਾਰੀ ਲਾਲ ਅਤੇ ਉਸ ਦੇ ਲੜਕੇ 'ਤੇ ਕਾਲੋਨੀ ਦੇ ਹੀ ਇਕ ਵਿਅਕਤੀ ਵਲੋਂ ਅਪਣੇ
ਐਸ.ਏ.ਐਸ. ਨਗਰ, 20 ਜੁਲਾਈ (ਗੁਰਮੁਖ ਵਾਲੀਆ): ਬੀਤੀ 30 ਜੂਨ ਨੂੰ ਮੋਹਾਲੀ ਫੇਜ਼-11 ਥਾਣੇ ਦੇ ਅਧੀਨ ਪੈਂਦੀ ਅੰਬ ਸਾਹਿਬ ਕਾਲੋਨੀ ਦੇ ਪ੍ਰਧਾਨ ਗਿਰਧਾਰੀ ਲਾਲ ਅਤੇ ਉਸ ਦੇ ਲੜਕੇ 'ਤੇ ਕਾਲੋਨੀ ਦੇ ਹੀ ਇਕ ਵਿਅਕਤੀ ਵਲੋਂ ਅਪਣੇ ਅੱਧਾ ਦਰਜਨ ਸਾਥੀਆਂ ਸਮੇਤ ਕਾਤਲਾਨਾ ਹਮਲਾ ਕਰਨ ਦੇ ਮਾਮਲੇ 'ਚ ਪੁਲਿਸ ਨੇ ਹਮਲੇ 'ਚ ਜ਼ਖ਼ਮੀ ਹੋਏ ਪਿਉ-ਪੁੱਤ 'ਤੇ ਹੀ ਉਲਟਾ ਮਾਮਲਾ ਦਰਜ ਕਰ ਦਿਤਾ ਸੀ। ਜਿਸ ਕਾਰਨ ਹੁਣ ਹਮਲਾਵਾਰਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਹਨ ਜੋ ਹੁਣ ਮੁੜ ਗਿਰਧਾਰੀ ਲਾਲ ਤੇ ਉਸ ਦੇ ਲੜਕੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਗਿਰਧਾਰੀ ਲਾਲ ਨੇ ਦੋਸ਼ ਲਾਉਂਦਿਆਂ ਕਿਹਾ ਕਿ 14 ਜੁਲਾਈ ਨੂੰ ਉਸ ਦਾ ਜਵਾਈ ਹਾਲ-ਚਾਲ ਪੁੱਛਣ ਲਈ ਪਿੰਡ ਤੋਂ ਆਇਆ ਸੀ ਜਿਸ ਨੂੰ ਉਸ ਦਾ ਲੜਕਾ ਅਪਣੇ ਐਕਟੀਵਾ ਸਕੂਟਰ 'ਤੇ ਬੱਸ ਸਟੈਂਡ 'ਤੇ ਛੱਡਣ ਲਈ ਜਾ ਰਿਹਾ ਸੀ ਜਿਸ ਨੂੰ ਹਮਲਾਵਰ ਸਤੀਸ਼ ਤੇ ਉਸ ਦੇ ਭਰਾਵਾਂ ਨੇ ਪੁਲ ਹੇਠਾਂ ਘੇਰ ਲਿਆ। ਉਨ੍ਹਾਂ ਦਸਿਆ ਕਿ ਹਮਲਾਵਰਾਂ ਨੇ ਉਸ ਦੇ ਲੜਕੇ ਨੂੰ ਧਮਕੀ ਦਿਤੀ। ਗਿਰਧਾਰੀ ਨੇ ਦਸਿਆ ਕਿ ਉਸ ਤੋਂ ਬਾਅਦ ਸ਼ਾਮ ਨੂੰ ਹਮਲਾਵਰਾਂ ਨੇ ਉਸ ਦੀ ਡਸਟਰ ਗੱਡੀ ਨੂੰ ਘੇਰ ਲਿਆ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ 100 ਨੰਬਰ 'ਤੇ ਪੁਲਿਸ ਨੂੰ ਫ਼ੋਨ ਕੀਤਾ ਤਾਂ ਕਿਸੇ ਨੇ ਉਸ ਦਾ ਫੋਨ ਨਹੀਂ ਚੁਕਿਆ ਅਤੇ ਜਦੋਂ ਉਨ੍ਹਾਂ ਫੇਜ਼-11 ਦੇ ਵਧੀਕ ਐਸਐਚਓ ਨਰਿੰਦਰ ਸੂਦ ਨੂੰ ਫੋਨ 'ਤੇ ਜਾਣਕਾਰੀ ਦੇ ਕੇ ਕਿਹਾ ਕਿ ਹਮਲਾਵਰ 'ਤੇ ਕਾਰਵਾਈ ਨਾ ਹੋਣ ਦੇ ਚਲਦਿਆਂ ਉਹ ਉਸ ਨੂੰ ਮੁੜ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪੀੜਤ ਗਿਰਧਾਰੀ ਨੇ ਕਿਹਾ ਕਿ ਫੇਜ਼-11 ਪੁਲਿਸ ਹਮਲਾਵਰਾਂ ਦਾ ਸਾਥ ਦੇ ਰਹੀ ਹੈ। ਉਨ੍ਹਾਂ ਫੇਜ਼-11 ਦੇ ਥਾਣਾ ਮੁੱਖੀ 'ਤੇ ਵੀ ਦੋਸ਼ ਲਾਉਂਦੇ ਕਿਹਾ ਕਿ ਜਦੋਂ ਉਨ੍ਹਾਂ ਐਸਐਚਓ ਨੂੰ ਸ਼ਿਕਾਇਤ ਦਿਤੀ ਤਾਂ ਉਨ੍ਹਾਂ ਕਿਹਾ ਕਿ ਚੁੱਪ ਕਰ ਕੇ ਬੈਠ ਜਾ ਨਹੀਂ ਤਾਂ ਹੋਰ ਮਾਮਲੇ ਦਰਜ ਕਰ ਦਿਆਂਗਾ। ਗਿਰਧਾਰੀ ਨਾਲ ਨੇ ਕਿਹਾ ਕਿ ਹੁਣ ਉਹ ਇਨਸਾਫ਼ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਦੱਸਣਯੋਗ ਹੈ ਕਿ ਕਾਲੋਨੀ ਦੇ ਪ੍ਰਧਾਨ ਗਿਰਧਾਰੀ ਲਾਲ ਨੇ ਹਮਲਾਵਰ ਸਤੀਸ਼ ਦੇ ਸਗੇ ਭਤੀਜੇ ਗੁੱਡੂ ਜੋ ਗਾਂਜੇ ਦੀ ਸਪਲਾਈ ਕਰਦਾ ਸੀ, ਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ, ਜਿਸ ਦੀ ਰੰਜਸ਼ ਦੇ ਚਲਦਿਆਂ ਸਤੀਸ਼ ਨੇ ਅਪਣੇ ਅੱਧਾ ਦਰਜ਼ਨ ਸਾਥੀਆਂ ਸਮੇਤ ਉਸ 'ਤੇ ਕਾਤਲਾਨਾ ਹਮਲਾ ਕਰ ਦਿਤਾ ਸੀ।
ਇਸ ਸਬੰਧੀ ਵਧੀਕ ਐਸ.ਐਚ.ਓ. ਨਰਿੰਦਰ ਸੂਦ ਨੇ ਦਸਿਆ ਕਿ ਉਨ੍ਹਾਂ ਨੂੰ ਗਿਰਧਾਰੀ ਲਾਲ ਦਾ ਕੋਈ ਫ਼ੋਨ ਨਹੀਂ ਆਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਸ਼ੁੱਕਰਵਾਰ ਨੂੰ ਉਸ ਨੂੰ ਧਮਕੀਆਂ ਮਿਲੀਆਂ ਸਨ ਤਾਂ ਉਸ ਨੇ ਹਮਲਾਵਰਾਂ ਵਿਰੁਧ ਥਾਣੇ 'ਚ ਸ਼ਿਕਾਇਤ ਕਿਉ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਗਿਰਧਾਰੀ ਲਾਲ ਵਿਰੁਧ ਫੇਜ਼-11 ਥਾਣੇ 'ਚ ਮਾਮਲਾ ਦਰਜ ਹੈ, ਜਿਸ ਕਾਰਨ ਉਹ ਥਾਣੇ 'ਚ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਜੇ ਥਾਣੇ 'ਚ ਸ਼ਿਕਾਇਤ ਆਉਂਦੀ ਤਾਂ ਕਾਰਵਾਈ ਜ਼ਰੂਰ ਕੀਤੀ ਜਾਂਦੀ। ਇਸ ਸਬੰਧੀ ਜਦੋਂ ਐਸ.ਐਚ.ਓ. ਫੇਜ਼-11 ਅਮਰਪ੍ਰੀਤ ਸਿੰਘ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆਂ ਤਾਂ ਉਨ੍ਹਾਂ ਫ਼ੋਨ ਨਹੀਂ ਚੱਕਿਆ।
ਇਸ ਸਬੰਧੀ ਐਸਐਸਪੀ ਮੋਹਾਲੀ ਕੁਲਦੀਪ ਚਾਹਲ ਨੇ ਕਿਹਾ ਕਿ ਜੇ ਅਜਿਹਾ ਕੁੱਝ ਹੋਇਆ ਹੈ ਤਾਂ ਉਹ ਮਾਮਲੇ ਦਾ ਪਤਾ ਕਰਵਾਉਣਗੇ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਪੁਲਿਸ ਕਾਰਵਾਈ ਕੀਤੀ ਜਾਏਗੀ।