
ਉਤਰੀ ਜ਼ੋਨ ਟਰਾਂਸਪੋਰਟ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਟਰਾਂਸਪੋਰਟ ਵਿਭਾਗ 'ਚ ਕਾਰਜਸ਼ੀਲ ਕਾਮਿਆਂ, ਮੁਲਾਜ਼ਮਾਂ ਨੇ ਮੰਗਾਂ ਦੀ ਪੂਰਤੀ ਲਈ ਅੰਤਰਰਾਜੀ ਬੱਸ ਟਰਮੀਨਲ..
ਚੰਡੀਗੜ੍ਹ, 20 ਜੁਲਾਈ (ਜੈ ਸਿੰਘ ਛਿੱਬਰ) : ਉਤਰੀ ਜ਼ੋਨ ਟਰਾਂਸਪੋਰਟ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਟਰਾਂਸਪੋਰਟ ਵਿਭਾਗ 'ਚ ਕਾਰਜਸ਼ੀਲ ਕਾਮਿਆਂ, ਮੁਲਾਜ਼ਮਾਂ ਨੇ ਮੰਗਾਂ ਦੀ ਪੂਰਤੀ ਲਈ ਅੰਤਰਰਾਜੀ ਬੱਸ ਟਰਮੀਨਲ, ਚੰਡੀਗੜ੍ਹ ਵਿਖੇ ਰਾਜ ਪਧਰੀ ਧਰਨਾ ਪ੍ਰਦਰਸ਼ਨ ਕੀਤਾ। ਕਰੀਬ ਤਿੰਨ ਘੰਟੇ ਤਕ ਰੋਡਵੇਜ਼ ਮੁਲਾਜ਼ਮਾਂ ਨੇ ਲਟਕਦੀਆਂ ਮੰਗਾਂ ਪੂਰੀਆਂ ਨਾ ਹੋਣ ਤਕ ਭਵਿੱਖ 'ਚ ਸੰਘਰਸ਼ ਹੋਰ ਵੀ ਤੇਜ਼ ਕਰਨ ਦਾ ਤਹਈਆ ਕੀਤਾ।
ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਇੰਟਕ ਦੇ ਪ੍ਰਧਾਨ ਸੁਖਮਿੰਦਰ ਸਿੰਘ, ਪੰਜਾਬ ਗੌਰਮਿਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਮੰਗਤ ਖ਼ਾਨ, ਕਰਮਚਾਰੀ ਦਲ ਦੇ ਪ੍ਰਧਾਨ ਗੁਰਭਜਨ ਸਿੰਘ, ਕੰਡਕਟਰ ਯੂਨੀਅਨ ਦੇ ਜਨਰਲ ਸਕੱਤਰ ਗੁਰਮੇਲ ਸਿੰਘ, ਡਰਾਈਵਰ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ, ਵਰਕਸ਼ਾਪ ਯੂਨੀਅਨ ਦੇ ਪ੍ਰਧਾਨ ਸ਼ਾਮ ਸਿੰਘ ਅਤੇ ਮੁਲਾਜ਼ਮ ਆਗੂ ਭਾਗ ਸਿੰਘ, ਹਰਪਾਲ ਸਿੰਘ ਤੇ ਅਵਤਾਰ ਸਿੰਘ ਸੇਖੋਂ ਨੇ ਕਿਹਾ ਕਿ ਠੇਕੇਦਾਰੀ ਸਿਸਟਮ ਖ਼ਤਮ ਕਰਨ ਅਤੇ ਵਿਭਾਗ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਰਕਾਰ ਨੂੰ ਉਚੇਚੇ ਕਦਮ ਚੁੱਕਣ ਦੀ ਲੋੜ ਹੈ। ਬੁਲਾਰਿਆਂ ਨੇ ਟਰਾਂਸਪੋਰਟ ਵਿਭਾਗ 'ਚ ਠੇਕੇਦਾਰੀ ਸਿਸਟਮ ਬੰਦ ਕਰਨ, ਠੇਕੇ ਅਧੀਨ ਭਰਤੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਕਿਲੋਮੀਟਰ ਸਕੀਮ ਅਧੀਨ ਬਸਾਂ ਪਾਉਣੀਆਂ ਬੰਦ ਕਰਨ, ਅੰਤਰਰਾਜੀ ਰੂਟਾਂ 'ਤੇ ਸਿਰਫ਼ ਸਟੇਟ ਟਰਾਂਸਪੋਰਟ ਦੀਆਂ ਬਸਾਂ ਚਲਾਉਣ, ਧਾਰਾ 304 ਏ ਤਹਿਤ ਡਰਾਈਵਰ ਨੂੰ ਸਜ਼ਾ ਹੋਣ ਮਗਰੋਂ ਟਰਮੀਨੇਸ਼ਨ ਦੀ ਸਜ਼ਾ ਨੂੰ ਰੱਦ ਕਰਨ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ 20 ਦਸੰਬਰ 2016 ਦਾ ਫ਼ੈਸਲਾ ਲਾਗੂ ਕਰਨ, ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਬਰਾਬਰ ਕੰਮ ਬਰਾਬਰ ਭੱਤਾ ਦੇਣ, ਛੇਵਾਂ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਮੰਗ ਕੀਤੀ।