
ਕਿਸਾਨ ਯੂਨੀਅਨਾਂ ਨੇ ਕੀਤੀ 10-10 ਲੱਖ ਮੁਆਵਜ਼ੇ ਦੀ ਮੰਗ
ਚੰਡੀਗੜ੍ਹ ਦੇ ਸੈਕਟਰ 25 ਵਿਚ ਰੈਲੀ ਕਰ ਕੇ ਵਾਪਸ ਜਾ ਰਹੇ ਕਿਸਾਨਾਂ ਨਾਲ ਹੋਏ ਸੜਕ ਹਾਦਸਿਆਂ ਵਿਚ ਦੋ ਕਿਸਾਨਾਂ ਦੀ ਮੌਤ ਹੋ ਗਈ ਅਤੇ ਕਈ ਕਿਸਾਨ ਜ਼ਖ਼ਮੀ ਹੋ ਗਏ।ਜਾਣਕਾਰੀ ਅਨੁਸਾਰ ਪਹਿਲਾ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਿਸਾਨਾਂ ਦੇ ਵਾਹਨ ਵਿਚ ਕੋਈ ਨੁਕਸ ਪੈਣ ਕਾਰਨ ਕੁੱਝ ਕਿਸਾਨ ਸੜਕ ਦੇ ਕਿਨਾਰੇ ਵਾਹਨ ਦੇ ਠੀਕ ਹੋਣ ਦੀ ਉਡੀਕ ਕਰ ਰਹੇ ਸਨ ਤਾਂ ਕਿ ਤੇਜ਼ ਰਫ਼ਤਾਰ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਕਈ ਕਿਸਾਨ ਜ਼ਖ²ਮੀ ਹੋ ਗਏ ਜਿਨ੍ਹਾਂ ਵਿਚ ਕਿਸਾਨ ਖੀਵਾ ਸਿੰਘ ਉਮਰ 55 ਸਾਲ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਅਤੇ ਤਿੰਨ ਕਿਸਾਨ ਜ਼ਖ਼ਮੀ ਹਾਲਤ ਵਿਚ ਪਟਿਆਲਾ ਅਤੇ ਰਾਜਪੁਰਾ ਦੇ ਹਸਪਤਾਲਾਂ ਵਿਚ ਭਰਤੀ ਕਰਵਾਏ ਗਏ।ਮਰਨ ਵਾਲੇ ਕਿਸਾਨ ਖੀਵਾ ਸਿੰਘ ਕੋਲ ਸਾਢੇ ਚਾਰ ਏਕੜ ਜ਼ਮੀਨ ਸੀ ਅਤੇ ਉਹ ਅਪਣੇ ਪਿੱਛੇ ਪਤਨੀ, ਦੋ ਲੜਕੇ ਅਤੇ ਦੋ ਲੜਕੀਆਂ (ਚਾਰੇ ਸ਼ਾਦੀਸ਼ੁਦਾ) ਛੱਡ ਗਿਆ। ਜ਼²ਖ਼ਮੀਆਂ ਵਿਚ ਸਾਧੂ ਸਿੰਘ ਅਲੀਸ਼ੇਰ ਖ਼ੁਰਦ ਅਤੇ ਦਰਸ਼ਨ ਸਿੰਘ ਖੀਵਾ ਕਲਾਂ ਦਾ ਇਲਾਜ ਚੱਲ ਰਿਹਾ ਹੈ ਜਦਕਿ ਇਕ ਕਿਸਾਨ ਕਰਨੈਲ ਸਿੰਘ ਨੂੰ ਮੁਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿਤੀ ਗਈ।
Farmers
ਦੂਸਰਾ ਹਾਦਸਾ ਚੰਨੋ (ਨੇੜੇ ਭਵਾਨੀਗੜ੍ਹ) ਵਿਚ ਸੜਕ ਪਾਰ ਕਰ ਰਹੇ 60 ਸਾਲ ਦੇ ਕਿਸਾਨ ਅਜਮੇਰ ਸਿੰਘ ਨੂੰ ਤੇਜ਼ ਰਫ਼ਤਾਰ ਵਾਹਨ ਨੇ ਕੁਚਲ ਦਿਤਾ। ਹਸਪਤਾਲ ਲਿਜਾਣ ਤੇ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਕਿਸਾਨ ਨੇ ਵੀ ਦਮ ਤੋੜ ਦਿਤਾ।ਇਸ ਦੌਰਾਨ ਰੈਲੀ ਕਰਨ ਵਾਲੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੀੜਤ ਪਰਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਸਰਕਾਰ ਕੋਲੋ ਮ੍ਰਿਤਕ ਕਿਸਾਨਾਂ ਦੇ ਪਰਵਾਰਾਂ ਨੂੰ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਸਾਰਾ ਕਰਜ਼ ਮਾਫ਼ ਕਰਨ ਤੋਂ ਇਲਾਵਾ ਘਰ ਦੇ ਇਕ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਜ਼ਖ਼ਮੀ ਕਿਸਾਨਾਂ ਦਾ ਪੂਰਾ ਇਲਾਜ ਸਰਕਾਰੀ ਖ਼ਰਚੇ 'ਤੇ ਕਰਵਾਉਣ ਅਤੇ ਪੀੜਤ ਕਿਸਾਨਾਂ ਨੂੰ ਇਕ ਇਕ ਲੱਖ ਰੁਪਏ ਵਿੱਤੀ ਸਹਾਇਤਾ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਉਕਤ ਮੰਗਾਂ ਨਾ ਮੰਨੇ ਜਾਣ ਤਕ ਮ੍ਰਿਤਕ ਕਿਸਾਨਾਂ ਦਾ ਅੰਤਮ ਸਸਕਾਰ ਨਾ ਕਰਨ ਦੀ ਚੇਤਾਵਨੀ ਦਿਤੀ ਹੈ।