
ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਉਢੀ ਢਾਹੇ ਜਾਣ ਦਾ ਮਾਮਲਾ
ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਈ ਜਾਂਚ ਕਮੇਟੀ ਨੇ ਅਪਣੀ ਮੁਢਲੀ ਰਿਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪ ਦਿਤੀ ਹੈ। ਦਸਣਯੋਗ ਹੈ ਕਿ ਕਾਰਸੇਵਾ ਵਾਲੇ ਬਾਬਾ ਜਗਤਾਰ ਸਿੰਘ ਵਲੋਂ ਬੀਤੇ ਦਿਨੀਂ ਰਾਤ ਦੇ ਹਨੇਰੇ ਵਿਚ ਦਰਸ਼ਨੀ ਡਿਉਢੀ ਢਾਹੀ ਗਈ ਸੀ ਜਿਸ ਮਗਰੋਂ ਭਾਈ ਲੌਂਗੋਵਾਲ ਨੇ ਤੁਰਤ ਕਾਰਵਾਈ ਕਰਦਿਆਂ ਬਾਬਾ ਜਗਤਾਰ ਸਿੰਘ ਦੀਆਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤੋਂ ਸਾਰੀਆਂ ਸੇਵਾਵਾਂ ਰੋਕ ਦਿਤੀਆਂ ਸਨ।
Darshani Deori
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਗੁਰਮੀਤ ਸਿੰਘ ਬੂਹ ਅਤੇ ਮੀਤ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ (ਕੋਆਰਡੀਨੇਟਰ) 'ਤੇ ਆਧਾਰਤ ਇਕ ਜਾਂਚ ਕਮੇਟੀ ਗਠਤ ਕੀਤੀ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਸਿਆ ਕਿ ਜਾਂਚ ਕਮੇਟੀ ਨੇ ਅਪਣੀ ਮੁੱਢਲੀ ਰਿਪੋਰਟ ਤਿਆਰ ਕਰ ਕੇ ਉਨ੍ਹਾਂ ਨੂੰ ਸੌਂਪ ਦਿਤੀ ਹੈ ਜਿਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਮੁਲਜ਼ਮਾਂ ਵਿਰੁਧ ਪੁਲਿਸ ਕੇਸ ਦਰਜ ਕੀਤਾ ਜਾਵੇਗਾ।
Darshani Deori
ਉਨ੍ਹਾਂ ਕਿਹਾ ਕਿ ਦਰਸ਼ਨੀ ਡਿਉਢੀ ਢਾਹੇ ਜਾਣ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਹ ਧਾਰਮਕ ਅਤੇ ਮਰਿਆਦਾ ਸਬੰਧੀ ਹੋਈ ਅਵੱਗਿਆ ਦਾ ਮਾਮਲਾ ਹੈ ਜਿਸ ਨੂੰ ਅਕਾਲ ਤਖ਼ਤ 'ਤੇ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵਲੋਂ ਦਰਸ਼ਨੀ ਡਿਉਢੀ ਪਹਿਲਾਂ ਦੀ ਤਰ੍ਹਾਂ ਹੂਬਹੂ ਆਪ ਮੁਰੰਮਤ ਕਰਵਾਈ ਜਾਵੇਗੀ ਅਤੇ ਇਹ ਕਾਰਜ ਮਾਹਰਾਂ ਦੀ ਨਿਗਰਾਨੀ ਵਿਚ 6 ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਹੋਵੇਗਾ। ਭਾਈ ਲੌਂਗੋਵਾਲ ਅਨੁਸਾਰ ਜਾਂਚ ਕਮੇਟੀ ਨੇ ਬਾਬਾ ਜਗਤਾਰ ਸਿੰਘ ਨੂੰ ਅੱਗੇ ਤੋਂ ਕਿਸੇ ਵੀ ਹੋਰ ਗੁਰਦੁਆਰਾ ਸਾਹਿਬ ਦੀ ਕਾਰਸੇਵਾ ਨਾ ਦੇਣ ਦੀ ਵੀ ਸਿਫ਼ਾਰਸ਼ ਕੀਤੀ ਹੈ।