
ਕਾਂਗਰਸ ਸਰਕਾਰ ਨੇ ਝੂਠ ਦੇ ਸਹਾਰੇ ਹੀ ਚਲਾਈ ਸਰਕਾਰ - ਬੀਬੀ ਜਗੀਰ ਕੌਰ
ਬੇਗੋਵਾਲ - ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਭਰ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੀਤੀਆਂ ਜਾ ਰਹੀਆਂ ਰੈਲੀਆਂ ਤਹਿਤ ਕਾਂਗਰਸ ਪਾਰਟੀ ਦੇ ਪਿਛਲੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਦੇ ਭੇਦ ਖੋਲ੍ਹੇ ਜਾ ਰਹੇ ਹਨ। ਇਸ ਸਬੰਧੀ ਅੱਜ 5 ਅਪ੍ਰੈਲ ਨੂੰ ਦਾਣਾ ਮੰਡੀ ਨਡਾਲਾ ਵਿਚ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਕੀਤੀ ਗਈ ਹੈ।
Bibi Jagir Kaur
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੈਪਟਨ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ 4 ਸਾਲਾਂ ’ਚ ਲੋਕਾਂ ਨੂੰ ਸਿਵਾਏ ਲਾਰਿਆਂ ਅਤੇ ਝੂਠ ਦੇ ਕੁਝ ਨਹੀਂ ਦਿੱਤਾ। ਝੂਠੀਆਂ ਸਹੁੰਆਂ ਖਾ ਕੇ ਝੂਠ ਦੇ ਸਹਾਰੇ ਹੀ ਸਰਕਾਰ ਚਲਾਈ ਗਈ ਹੈ। ਹੁਣ 1 ਸਾਲ ਰਹਿੰਦਾ ਹੈ ਤੇ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਹੁਣ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਹਨ।
Captain Amarinder Singh, Bibi Jagir Kaur
2022 ਵਿਚ ਫਿਰ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੈਲੀ ’ਚ ਵੱਧ-ਚੜ੍ਹ ਕੇ ਹਿੱਸਾ ਲੈਣ।
ਦੂਜੇ ਪਾਸੇ ਨਡਾਲਾ ਵਿਖੇ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਇਸ ਰੈਲੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿਚ ਆ ਗਿਆ ਹੈ। ਐੱਸ. ਐੱਸ. ਪੀ. ਕਪੂਰਥਲਾ ਕੰਵਰਦੀਪ ਕੌਰ ਖੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ। ਕੋਰੋਨਾ ਦੇ ਮੱਦੇਨਜ਼ਰ ਲੋਕਾਂ ਦੇ ਬੈਠਣ ਅਤੇ ਮਾਸਕ ਪਾਉਣ ਬਾਬਤ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆ।
ਐੱਸ. ਪੀ. (ਐੱਚ) ਜਸਬੀਰ ਸਿੰਘ ਨੇ ਦੱਸਿਆ ਕਿ ਕੋਵਿਡ ਦੇ ਵੱਧ ਰਹੇ ਖਤਰੇ ਨੂੰ ਵੇਖਦਿਆਂ ਰੈਲੀ ਵਿਚ ਆਏ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਬੈਠਣ ਤੇ ਮਾਸਕ ਪਾਉਣ ਲਈ ਕਿਹਾ ਜਾਵੇਗਾ। ਲੋੜ ਪੈਣ ’ਤੇ ਮਾਸਕ ਵੀ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਸਬੰਧੀ ਸਰਕਾਰੀ ਹਦਾਇਤਾਂ ’ਤੇ ਅਮਲ ਕਰਨ। ਇਸ ਮੌਕੇ ਡੀ. ਐੱਸ. ਪੀ. ਭੁਲੱਥ ਸੰਦੀਪ ਸਿੰਘ ਮੰਡ, ਥਾਣਾ ਮੁਖੀ ਸੁਭਾਨਪੁਰ ਅਮਨਦੀਪ ਨਾਹਰ, ਥਾਣਾ ਮੁਖੀ ਬੇਗੋਵਾਲ ਰਕੇਸ਼ ਕੁਮਾਰ, ਥਾਣਾ ਮੁਖੀ ਢਿਲਵਾਂ ਹਰਜਿੰਦਰ ਸਿੰਘ, ਚੌਕੀ ਮੁਖੀ ਨਡਾਲਾ ਦੀਪਕਾ ਅਤੇ ਹੋਰ ਹਾਜ਼ਰ ਸਨ।