
ਕਿਸਾਨ ਕਰਨਗੇ ਐਫ਼.ਸੀ.ਆਈ. ਦਫ਼ਤਰਾਂ ਦਾ ਘਿਰਾਉ ਤੇ ਆੜ੍ਹਤੀ ਕਰ ਰਹੇ ਹਨ ਮਹਾਂਪੰਚਾਇਤ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਕੇਂਦਰ ਸਰਕਾਰ ਵਲੋਂ ਹਾੜੀ ਦੀਆਂ ਫ਼ਸਲਾਂ ਦੀ ਸਿੱਧੀ ਅਦਾਇਗੀ ਦੇ ਫ਼ੈਸਲੇ ਦੇ ਵਿਰੋਧ ਵਿਚ ਅੱਜ ਤੋਂ ਪੰਜਾਬ ਵਿਚ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਨਵਾਂ ਮੋਰਚਾ ਖੋਲ੍ਹਦਿਆਂ ਵੱਡੇ ਅੰਦੋਲਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਥੇ ਕਿਸਾਨ ਜਥੇਬੰਦੀਆਂ ਇਸ ਦਿਨ ਐਫ਼.ਸੀ.ਆਈ. ਦੇ ਦਫ਼ਤਰਾਂ ਦਾ ਘਿਰਾਉ ਕਰਨਗੀਆਂ ਉਥੇ ਸੂਬੇ ਦੇ ਆੜ੍ਹਤੀ ਬਾਘਾ ਪੁਰਾਣਾ ਵਿਚ ਮਹਾਂਪੰਚਾਇਤ ਕਰ ਕੇ ਕੇਂਦਰ ਵਿਰੁਧ ਅੰਦੋਲਨ ਸ਼ੁਰੂ ਕਰਨਗੇ।
Procurement of wheat
ਪੰਜਾਬ ਵਿਚ ਕਣਕ ਦੀ ਖ਼ਰੀਦ 10 ਅਪ੍ਰੈਲ ਤੋਂ ਸ਼ੁਰੂ ਹੋਣੀ ਹੈ ਪਰ ਕਿਸਾਨਾਂ ਤੇ ਆੜ੍ਹਤੀਆਂ ਦੇ ਅੰਦੋਲਨ ਕਾਰਨ ਖ਼ਰੀਦ ਦੇ ਕੰਮ ਵਿਚ ਰੁਕਾਵਟ ਆਉਣ ਨਾਲ ਅਨਾਜ ਦੇ ਭੰਡਾਰ ਨੂੰ ਲੈ ਕੇ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ। ਆੜ੍ਹਤੀਆਂ ਨੇ ਖ਼ਰੀਦ ਦਾ ਬਾਈਕਾਟ ਕਰ ਕੇ ਹੜਤਾਲ ਕਰਨ ਦਾ ਐਲਾਨ ਕੀਤਾ ਹੋਇਆ ਹੈ ਅਤੇ ਕਿਸਾਨ ਜਥੇਬੰਦੀਆਂ ਨੇ ਵੀ ਸਾਥ ਦੇਣ ਦੀ ਗੱਲ ਆਖੀ ਹੈ। ਜੇਕਰ ਖ਼ਰੀਦ 10 ਅਪ੍ਰੈਲ ਨੂੰ ਸ਼ੁਰੂ ਨਾ ਹੋ ਸਕੀ ਤਾਂ ਕਿਸਾਨਾਂ ਨੂੰ ਅਪਣੀ ਪੱਕ ਚੁੱਕੀ ਫ਼ਸਲ ਕੁੱਝ
ਦਿਨ ਘਰਾਂ ਵਿਚ ਹੀ ਭੰਡਾਰ ਕਰਨੀ ਪੈ ਸਕਦੀ ਹੈ।
wheat
ਪੰਜਾਬ ਸਰਕਾਰ ਵੀ ਖ਼ਰੀਦ ਦੇ ਸੰਕਟ ਨੂੰ ਟਾਲਣ ਲਈ ਯਤਨਸ਼ੀਲ ਹੈ ਤੇ ਮੁੱਖ ਮੰਤਰੀ ਤੇ ਸੂਬੇ ਦੇ ਉਚ ਅਧਿਕਾਰੀ ਕੇਂਦਰ ਸਰਕਾਰ ਨਾਲ ਸੰਪਰਕ ਵਿਚ ਹਨ। ਮੁੱਖ ਮੰਤਰੀ ਤਾਂ ਪ੍ਰਧਾਨ ਮੰਤਰੀ ਨੂੰ ਬੀਤੇ ਦਿਨ ਪੱਤਰ ਲਿਖ ਕੇ ਮਾਮਲੇ ਨੂੰ ਲੈ ਕੇ ਗੱਲਬਾਤ ਲਈ ਸਮਾਂ ਮੰਗ ਚੁੱਕੇ ਹਨ।
Wheat
ਸੰਯੁਕਤ ਕਿਸਾਨ ਮੋਰਚੇ ਵਲੋਂ ਵੀ ਕੇਂਦਰੀ ਖ਼ੁਰਾਕ ਤੇ ਸਪਲਾਈ ਮੰਤਰੀ ਨੂੰ ਪੱਤਰ ਲਿਖ ਕੇ ਫ਼ਿਲਹਾਲ ਸਿੱਧੀ ਅਦਾਇਗੀ ਦੇ ਫ਼ੈਸਲੇ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਗਈ। ਉਧਰ ਪੰਜਾਬ ਭਾਜਪਾ ਦੇ ਕੁੱਝ ਸੀਨੀਅਰ ਆਗੂ ਵੀ ਇਸ ਸੀਜ਼ਨ ਵਿਚ ਸਿੱਧੀ ਅਦਾਇਗੀ ਦਾ ਫ਼ੈਸਲਾ ਕੇਂਦਰ ਤੋਂ ਮੁਲਤਵੀ ਕਰਵਾਉਣ ਦੀ ਕੋਸ਼ਿਸ਼ ਵਿਚ ਹਨ ਪਰ ਹਾਲੇ ਕੇਂਦਰ ਸਰਕਾਰ ਫ਼ੈਸਲਾ ਲਾਗੂ ਕਰਨ ’ਤੇ ਅੜੀ ਹੋਈ ਹੈ।