ਗੁਜਰਾਤ ਵਿਚ ਵਸਦੇ ਪੰਜਾਬੀ ਕਿਸਾਨਾਂ ਦਾ 'ਉਜਾੜੇ ਦੇ ਖੌਫ਼' ਵਿਚ ਫਿਰ ਛਲਕਿਆ ਦਰਦ
Published : Apr 5, 2022, 7:42 am IST
Updated : Apr 5, 2022, 7:42 am IST
SHARE ARTICLE
image
image

ਗੁਜਰਾਤ ਵਿਚ ਵਸਦੇ ਪੰਜਾਬੀ ਕਿਸਾਨਾਂ ਦਾ 'ਉਜਾੜੇ ਦੇ ਖੌਫ਼' ਵਿਚ ਫਿਰ ਛਲਕਿਆ ਦਰਦ


ਕਰੀਬ 15 ਸਾਲ ਪਹਿਲਾਂ 'ਰੋਜ਼ਾਨਾ ਸਪੋਕਸਮੈਨ' ਨੇ ਜਨਤਕ ਕੀਤਾ ਸੀ ਮਸਲਾ

ਕੋਟਕਪੂਰਾ, 4 ਅਪੈ੍ਰਲ (ਗੁਰਿੰਦਰ ਸਿੰਘ) : ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਆਗੂਆਂ ਦੀਆਂ ਮਿੰਨਤਾਂ ਅਤੇ ਅਪੀਲਾਂ ਕਰਨ ਤੋਂ ਬਾਅਦ ਵੀ ਜਦ ਗੁਜਰਾਤ ਵਿਚ ਵਸਦੇ ਪੰਜਾਬੀ ਕਿਸਾਨਾਂ ਦੀ ਕਿਸੇ ਨੇ ਸਾਰ ਨਾ ਲਈ ਤਾਂ ਕਰੀਬ 15 ਸਾਲ ਪਹਿਲਾਂ ਉਨ੍ਹਾਂ 'ਰੋਜ਼ਾਨਾ ਸਪੋਕਸਮੈਨ' ਦੇ ਇਸ ਪੱਤਰਕਾਰ ਨਾਲ ਸੰਪਰਕ ਕੀਤਾ | ਰੋਜ਼ਾਨਾ ਸਪੋਕਸਮੈਨ ਨੇ ਉਕਤ ਪੰਜਾਬੀ ਕਿਸਾਨਾਂ ਦਾ ਮਸਲਾ ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਦੇ ਧਿਆਨ 'ਚ ਲਿਆਂਦਾ ਪਰ ਉਜਾੜੇ ਦੇ ਖੌਫ਼ ਵਿਚ ਜੀਵਨ ਬਤੀਤ ਕਰ ਰਹੇ ਪੰਜਾਬੀ ਕਿਸਾਨਾਂ ਦੀਆਂ ਸਮੱਸਿਆਵਾਂ ਅੱਜ ਵੀ ਬਰਕਰਾਰ ਹਨ |
ਜ਼ਿਕਰਯੋਗ ਹੈ ਕਿ ਗੁਜਰਾਤ ਵਿਚ ਕਰੀਬ 5 ਹਜ਼ਾਰ ਪੰਜਾਬੀ ਕਿਸਾਨਾਂ ਦੇ ਪ੍ਰਵਾਰ ਹਨ, ਜਿਨ੍ਹਾਂ ਨੂੰ  ਕਾਫ਼ੀ ਲੰਮੇ ਅਰਸੇ ਤੋਂ ਜ਼ਮੀਨਾਂ ਬਚਾਉਣ ਦੀ ਲੜਾਈ ਲੜਨੀ ਪੈ ਰਹੀ ਹੈ | ਭਾਵੇਂ ਹਿੰਦ-ਪਾਕਿ ਦੀਆਂ ਸਰਹੱਦਾਂ 'ਤੇ ਵਾਰ ਵਾਰ ਬਣਦੇ ਤਣਾਅ ਵਾਲੇ ਦਿਨਾਂ ਦੇ ਚਲਦਿਆਂ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਾਲ 1964 ਵਿਚ 'ਜੈ ਜਵਾਨ-ਜੈ ਕਿਸਾਨ' ਦੇ ਨਾਹਰੇ ਤਹਿਤ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਨੂੰ  ਮਾਰਸ਼ਲ ਕੌਮ ਮੰਨਦਿਆਂ ਗੁਜਰਾਤ ਦੇ ਭੁੱਜ ਖੇਤਰ ਵਿਚ ਜ਼ਮੀਨਾਂ ਅਲਾਟ ਕੀਤੀਆਂ ਸਨ, ਕਰੀਬ 20 ਹਜ਼ਾਰ ਏਕੜ ਬੀਆਬਾਨ ਤੇ ਉਜਾੜ ਪਈ ਜ਼ਮੀਨ ਨੂੰ  ਪੰਜਾਬੀ ਕਿਸਾਨਾਂ ਨੇ ਬੜੀ ਮੁਸ਼ਕਲ ਨਾਲ ਆਬਾਦ ਕੀਤਾ ਪਰ ਕਈ ਦਹਾਕਿਆਂ ਤੋਂ ਗੁਜਰਾਤ ਵਿਚ ਜੀਵਨ ਬਸਰ ਕਰ ਰਹੇ ਪੰਜਾਬੀ ਕਿਸਾਨਾਂ ਦੇ ਉਸ ਸਮੇਂ ਹੋਸ਼ ਉੱਡ ਗਏ ਜਦੋਂ ਗੁਜਰਾਤ ਦੀ ਭਾਜਪਾ ਸਰਕਾਰ ਨੇ ਪੰਜਾਬੀ ਕਿਸਾਨਾਂ ਦੀ ਜ਼ਮੀਨ ਦੀ ਮਾਲਕੀ 'ਤੇ ਮਾਲ ਵਿਭਾਗ ਦੇ ਰਿਕਾਰਡ ਵਿਚ ਲਾਲ ਲਕੀਰ (ਰੈੱਡ ਐਂਟਰੀ) ਪਾ ਦਿਤੀ ਕਿਉਂਕਿ ਭਾਜਪਾ ਨਾਲ ਭਾਈਵਾਲੀ ਹੋਣ ਦੇ ਬਾਵਜੂਦ ਵੀ ਪੰਜਾਬੀ ਕਿਸਾਨਾਂ ਦੀ ਕਿਸੇ ਅਕਾਲੀ ਆਗੂ ਨੇ ਸਾਰ ਲੈਣ ਦੀ ਜ਼ਰੂਰਤ ਹੀ ਨਾ ਸਮਝੀ | ਉਸ ਮਗਰੋਂ ਅਪਣੇ ਤੌਰ 'ਤੇ ਕਿਸਾਨਾਂ ਨੇ ਗੁਜਰਾਤ ਹਾਈ ਕੋਰਟ ਵਿਚ ਕੇਸ ਦਾਇਰ ਕਰ ਦਿਤਾ, ਜਿਥੋਂ ਉਨ੍ਹਾਂ ਨੂੰ  ਕੁੱਝ ਰਾਹਤ ਮਿਲ ਗਈ, ਗੁਜਰਾਤ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਦੇ ਹੱਕ ਵਿਚ ਆਏ ਫ਼ੈਸਲੇ ਨੂੰ  ਸੁਪਰੀਮ ਕੋਰਟ 'ਚ ਚੁਣੌਤੀ ਦੇ ਦਿਤੀ | ਗੁਜਰਾਤ ਦੇ ਭੂ-ਮਾਫ਼ੀਏ ਨਾਲ ਮਿਲ ਕੇ ਭਾਜਪਾ ਆਗੂਆਂ ਵਲੋਂ ਕਈ ਵਾਰ ਪੰਜਾਬੀ ਕਿਸਾਨਾਂ 'ਤੇ ਹਮਲੇ ਕੀਤੇ ਗਏ | ਉਨ੍ਹਾਂ ਨੂੰ  ਜ਼ਖ਼ਮੀ ਕਰਨ ਦੇ ਨਾਲ-ਨਾਲ ਘਰ ਸਾੜ ਦਿਤੇ ਗਏ ਪਰ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਵੀ ਨਾ ਨਿਤਰਿਆ | ਹੁਣ ਕਰੀਬ 15 ਸਾਲਾਂ ਬਾਅਦ ਉਨ੍ਹਾਂ ਦੀ ਟੇਕ ਭਗਵੰਤ ਮਾਨ 'ਤੇ ਲੱਗੀ ਹੈ, ਖ਼ੌਫ਼ ਦੇ ਉਜਾੜੇ ਤੋਂ ਡਰੇ ਪੰਜਾਬੀ ਕਿਸਾਨਾਂ ਨੂੰ  ਆਸ ਬੱਝੀ ਹੈ ਕਿ ਭਗਵੰਤ ਸਿੰਘ ਮਾਨ ਹੀ ਉਨ੍ਹਾਂ ਨੂੰ  ਇਸ ਸੰਕਟ ਦੀ ਘੜੀ ਵਿਚੋਂ ਕੱਢੇਗਾ |

ਜ਼ਿਕਰਯੋਗ ਹੈ ਕਿ 30 ਅਪੈ੍ਰਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 23 ਫ਼ਰਵਰੀ 2014 ਨੂੰ  ਜਗਰਾਉਂ ਵਿਖੇ 'ਫ਼ਤਹਿ ਰੈਲੀ' ਦੌਰਾਨ ਨਰਿੰਦਰ ਮੋਦੀ ਨੇ ਬਤੌਰ ਮੁੱਖ ਮੰਤਰੀ ਗੁਜਰਾਤ ਵਾਅਦਾ ਕੀਤਾ ਸੀ ਕਿ ਕਿਸੇ ਵੀ ਸਿੱਖ ਕਿਸਾਨ ਨੂੰ  ਗੁਜਰਾਤ ਵਿਚੋਂ ਉਜੜਣ ਨਹੀਂ ਦਿਤਾ ਜਾਵੇਗਾ | ਇਸੇ ਤਰ੍ਹਾਂ ਮਾਰਚ 2019 ਵਿਚ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਚੇਚੇ ਤੌਰ 'ਤੇ ਗੁਜਰਾਤ ਪੁੱਜੇ ਸਨ, ਜਿਥੇ ਉਨ੍ਹਾਂ ਸਟੇਜ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੂੰ  ਬਕਾਇਦਾ ਅਸ਼ੀਰਵਾਦ ਵੀ ਦਿਤਾ ਸੀ ਪਰ ਉਦੋਂ ਉਕਤ ਪੰਜਾਬੀ ਕਿਸਾਨ ਨਰਾਜ਼ ਹੋ ਗਏ ਸਨ ਕਿਉਂਕਿ ਬਾਦਲ ਨੇ ਪੰਜਾਬੀ ਕਿਸਾਨਾਂ ਦਾ ਮਾਮਲਾ ਨਹੀਂ ਉਠਾਇਆ ਸੀ ਤੇ ਉਸ ਤੋਂ ਬਾਅਦ ਵੀ ਗੁਜਰਾਤ ਦੇ ਪੰਜਾਬੀ ਕਿਸਾਨ ਬਾਦਲਾਂ ਸਮੇਤ ਅਕਾਲੀ ਆਗੂਆਂ ਨੂੰ  ਮਿਲਦੇ ਰਹੇ, ਸ਼ੋ੍ਰਮਣੀ ਕਮੇਟੀ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਸਮੇਤ ਅਹੁਦੇਦਾਰਾਂ ਤੋਂ ਵੀ ਮਦਦ ਮੰਗਦੇ ਰਹੇ ਪਰ ਕੋਈ ਸੁਣਵਾਈ ਨਾ ਹੋਈ | ਗੁਜਰਾਤ ਦੇ ਕੁਠਾਰਾ ਇਲਾਕੇ ਵਿਚ ਕਰੀਬ 3 ਹਜ਼ਾਰ ਪੰਜਾਬੀ ਕਿਸਾਨ ਪ੍ਰਵਾਰ ਹਨ, ਜਿਨ੍ਹਾਂ ਨੂੰ  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੋ ਰੋਜ਼ਾ ਗੁਜਰਾਤ ਫੇਰੀ ਦਾ ਕਾਫ਼ੀ ਦੇਰੀ ਨਾਲ ਪਤਾ ਲੱਗਾ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ  ਚਾਹੀਦਾ ਹੈ ਕਿ ਉਹ ਗੁਜਰਾਤ ਵਿਚਲੇ ਪੰਜਾਬੀ ਕਿਸਾਨਾਂ ਦਾ ਦਰਦ ਸਮਝਣ ਅਤੇ ਬਤੌਰ ਮੁੱਖ ਮੰਤਰੀ ਇਹ ਮਸਲਾ ਗੁਜਰਾਤ ਸਰਕਾਰ ਕੋਲ ਉਠਾਉਣ | ਗੁਜਰਾਤ ਵਸਦੇ ਪੰਜਾਬੀ ਕਿਸਾਨਾਂ ਮੁਤਾਬਿਕ ਅਜੇ ਚਾਰ ਮਹੀਨੇ ਪਹਿਲਾਂ ਅਰਥਾਤ ਦਸੰਬਰ 2021 ਵਿਚ ਭੁੱਜ ਇਲਾਕੇ ਵਿਚ ਗੁਜਰਾਤ ਦੇ ਮੁੱਖ ਮੰਤਰੀ ਆਏ ਸਨ, ਜਿਨ੍ਹਾਂ ਕੋਲ ਉਹ ਅਪਣਾ ਦੁੱਖ ਰੋ ਚੁੱਕੇ ਹਨ | ਉਨ੍ਹਾਂ ਦਸਿਆ ਕਿ ਉਹ ਸਮੇਂ ਸਮੇਂ ਘੱਟ ਗਿਣਤੀ ਕਮਿਸ਼ਨ ਕੋਲ ਵੀ ਮਾਮਲਾ ਉਠਾ ਚੁੱਕੇ ਹਨ ਪਰ ਕਿਸੇ ਨੇ ਵੀ ਕਿਸਾਨਾਂ ਦੀ ਬਾਂਹ ਨਾ ਫੜੀ | ਜਦੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨੀ ਅੰਦੋਲਨ ਚਲਿਆ ਸੀ ਤਾਂ ਗੁਜਰਾਤ ਦੇ ਉਕਤ ਪੰਜਾਬੀ ਕਿਸਾਨਾਂ ਨੇ ਵੀ ਹਾਜ਼ਰੀ ਭਰਦਿਆਂ ਅਪਣਾ ਦੁੱਖ ਦਸਿਆ ਸੀ | ਉਨ੍ਹਾਂ ਨੂੰ  ਉਮੀਦ ਸੀ ਕਿ ਕਾਲੇ ਕਾਨੂੰਨ ਰੱਦ ਕਰਵਾਉਣ ਦੇ ਨਾਲ-ਨਾਲ ਗੁਜਰਾਤ ਦੇ ਪੰਜਾਬੀ ਕਿਸਾਨਾਂ ਦੀ ਵਾਜਬ ਮੰਗ ਨੂੰ  ਵੀ ਅੰਤਰਰਾਸ਼ਟਰੀ ਪੱਧਰ 'ਤੇ ਚੁੱਕਿਆ ਜਾਵੇਗਾ ਪਰ ਉਸ ਪਾਸਿਉਂ ਵੀ ਉਨ੍ਹਾਂ ਨੂੰ  ਨਿਰਾਸ਼ਾ ਹੀ ਮਿਲੀ | ਗੁਜਰਾਤ ਵਿਚ ਉਜਾੜੇ ਦਾ ਖੌਫ਼ ਝਲ ਰਹੇ ਪੰਜਾਬੀ ਕਿਸਾਨਾਂ ਨੇ ਭਗਵੰਤ ਮਾਨ ਨੂੰ  ਅਪੀਲ ਕੀਤੀ ਹੈ ਕਿ ਉਹ ਪੰਜਾਬੀ ਕਿਸਾਨਾਂ 'ਤੇ ਉਜਾੜੇ ਦੀ ਲਟਕ ਰਹੀ ਤਲਵਾਰ ਤੋਂ ਮੁਕਤੀ ਦਿਵਾਉਣ | ਭਾਵੇਂ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ  ਜਿੱਤਣ ਤੋਂ ਬਾਅਦ ਹੁਣ ਗੁਜਰਾਤ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ ਪਰ ਪੰਜਾਬੀ ਕਿਸਾਨਾਂ ਨੂੰ  ਭਗਵੰਤ ਸਿੰਘ ਮਾਨ ਤੋਂ ਬਹੁਤ ਆਸ ਅਤੇ ਉਮੀਦ ਹੈ |
ਗੁਜਰਾਤ ਦੇ ਪੰਜਾਬੀ ਕਿਸਾਨਾਂ ਮੁਤਾਬਕ ਉਹ ਦਹਾਕਿਆਂ ਤੋਂ ਗੁਜਰਾਤ ਵਿਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਉਨ੍ਹਾਂ ਨੂੰ  ਅਪਣੀਆਂ ਜ਼ਮੀਨਾਂ ਖੁਸਣ ਦਾ ਡਰ ਸਤਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਅਤੇ ਗੁਜਰਾਤ ਸਰਕਾਰ ਤੋਂ ਉਨ੍ਹਾਂ ਦੀ ਮੰਗ ਪੂਰੀ ਕਰਾਵੇ | ਉਨ੍ਹਾਂ ਨੂੰ  ਇਸ ਗੱਲ ਦਾ ਵੀ ਦੁੱਖ ਹੈ ਕਿ ਗੁਜਰਾਤ ਵਿਚ ਉਨ੍ਹਾਂ ਨੂੰ  ਬਾਹਰਲੇ ਹੋਣ ਦਾ ਸੰਤਾਪ ਝੱਲਣਾ ਪੈ ਰਿਹਾ ਹੈ | ਭਾਵੇਂ ਉਜਾੜੇ ਦਾ ਖ਼ੌਫ਼ ਹੰਢਾਅ ਰਹੇ ਪੰਜਾਬੀ ਕਿਸਾਨਾਂ ਦੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਤਾਂ ਨਹੀਂ ਹੋ ਸਕੀ ਪਰ ਅਹਿਮਦਾਬਾਦ ਵਿਚ ਭਗਵੰਤ ਮਾਨ ਦਾ ਸੁਆਗਤ ਕਰਨ ਮੌਕੇ ਸਿੱਖਾਂ ਦੇ ਇਕ ਵਫ਼ਦ ਨੇ ਉਨ੍ਹਾਂ ਨੂੰ  ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਦਾ ਦਰਦ ਸਮਝਣ ਅਤੇ ਹੰਢਾਉਣ ਦੀ ਅਪੀਲ ਕੀਤੀ |

 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement