
Fazilka News : ਭੀਮ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਹਰਪ੍ਰੀਤ ਹੈਰੀ ਨੇ ਮਾਰੀ ਵਿਦੇਸ਼ ਉਡਾਰੀ
Fazilka News : ਅਬੋਹਰ ਦੇ ਬਹੁਚਰਚਿਤ ਭੀਮ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਹਰਪ੍ਰੀਤ ਹੈਰੀ ਦੇ ਫ਼ਰਾਰ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਭੀਮ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਦੇ ਫ਼ਰਜ਼ੀ ਪਾਸਪੋਰਟ ’ਤੇ ਵਿਦੇਸ਼ ਭੱਜਣ ਦਾ ਖ਼ਦਸ਼ਾ ਹੈ।
ਜਾਣਕਾਰੀ ਅਨੁਸਾਰ ਫ਼ਰਾਰ ਹੋਇਆ ਦੋਸ਼ੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਪਰ ਇਲਾਜ ਦਾ ਬਹਾਨਾ ਲਗਾ ਕੇ ਮੈਡੀਕਲ ਜ਼ਮਾਨਤ 'ਤੇ ਬਾਹਰ ਆਇਆ, ਜਿਸ ਤੋਂ ਬਾਅਦ ਉਹ ਮੁੜ ਜੇਲ੍ਹ ਨਹੀਂ ਪੁੱਜਿਆ। ਉਸ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦੇ ਰਿਹਾ ਹੈ।
ਦਰਅਸਲ 'ਚ ਉਸ ਦਾ ਬਿਨਾਂ ਤਾਰੀਖ ਵਾਲਾ ਇਕ ਵੀਡੀਓ ਸਾਹਮਣੇ ਆਇਆ ਹੈ ,ਜਿਸ ਵਿਚ ਉਹ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦੇ ਰਿਹਾ ਹੈ। ਇਸ ਵੀਡੀਓ ਵਿੱਚ ਉਹ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਇਕ ਰੈਲੀ ਕਰਕੇ ਦਿਖਾਉਣ ਲਈ ਵੀ ਵੰਗਾਰ ਰਿਹਾ ਹੈ। ਵੀਡੀਓ ਵਿੱਚ ਉਹ ਕਹਿ ਰਿਹਾ ਹੈ ਕਿ ਉਸ ਅਤੇ ਉਸ ਦੇ ਸਾਥੀਆਂ ਕੋਲ ਪ੍ਰਧਾਨ ਮੰਤਰੀ ਦੀ ਸੁਰੱਖਿਆ ਪ੍ਰਬੰਧਾਂ ਦੇ ਟਾਕਰੇ ਲਈ ਲੋੜੀਂਦੀ ਗਿਣਤੀ ਵਿੱਚ ਏਕੇ-56 ਰਾਈਫਲਾਂ ਹਨ।
ਇਸ ਨੂੰ ਲੈ ਕੇ ਫ਼ਾਜ਼ਿਲਕਾ ਪੁਲਿਸ ਵਲੋਂ ਉਕਤ ਦੋਸ਼ੀ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਇਸ ਸਬੰਧ ਵਿੱਚ ਗੱਲ ਕਰਨ ’ਤੇ ਫਾਜ਼ਿਲਕਾ ਦੀ ਐੱਸਐੱਸਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਾਰਵਾਈ ਆਰੰਭ ਦਿੱਤੀ ਗਈ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਹੀ ਜ਼ਿਲ੍ਹੇ ਦੀ ਕਮਾਂਡ ਸੰਭਾਲੀ ਹੈ। ਦੂਜੇ ਪਾਸੇ ਕਿਹਾ ਜਾ ਰਿਹਾ ਹੈ। ਕਿ ਉਕਤ ਦੋਸ਼ੀ ਨਕਲੀ ਪਾਸਪੋਰਟ ਬਣਾ ਕੇ ਦੁਬਈ ਫ਼ਰਾਰ ਹੋ ਗਿਆ ਹੈ।