
ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਵੱਲੋਂ 6 ਕਿਲੋ ਅਫੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ
ਜਗਰਾਉਂ, 5 ਮਈ (ਪਰਮਜੀਤ ਸਿੰਘ ਗਰੇਵਾਲ)-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਸੁਰਜੀਤ ਸਿੰਘ ਦੀ ਅਗਵਾਈ 'ਚ ਅਤੇ ਐਸ. ਪੀ.(ਇੰਨ:) ਰੁਪਿੰਦਰ ਭਾਰਦਵਾਜ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਨਸ਼ਾ ਮੁਕਤ ਤੇ ਕਰਾਇਮ ਮੁਕਤ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਵੱਲੋਂ 6 ਕਿਲੋ ਅਫੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈਸ ਨੂੰ ਸੰਬੋਧਨ ਹੁੰੰਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਲਖਬੀਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਦੀ ਨਿਗਰਾਨੀ ਹੇਠ ਏ. ਐਸ. ਆਈ. ਚਮਕੌਰ ਸਿੰਘ, ਏ. ਐਸ. ਆਈ. ਸੁਖਵਿੰਦਰ ਸਿੰਘ ਤੇ ਏ. ਐਸ. ਆਈ. ਗੁਰਸੇਵਕ ਸਿੰਘ ਨੇ ਨਹਿਰ ਅਖਾੜਾ ਪੁਲ 'ਤੇ ਨਾਕਾਬੰਦੀ ਕੀਤੀ ਹੋਈ ਤਾਂ ਇਕ ਵਰਨਾ ਕਾਰ ਰੰਗ ਚਿੱਟਾ, ਜਿਸ ਨੂੰ ਰਾਜ ਕੁਮਾਰ ਉਰਫ਼ ਰਾਜੂ ਪੁੱਤਰ ਬਨਵਾਰੀ ਲਾਲ ਵਾਸੀ ਮਕਾਨ ਨੰਬਰ 39 ਵਾਰਡ ਨੰਬਰ 13 ਗਲੀ ਨੰਬਰ 9/1 ਰਤੀਆਂ ਜ਼ਿਲ੍ਹਾ ਫਤਿਆਬਾਦ ਹਾਲ ਵਾਸੀ ਨੇੜੇ ਰਾਮ ਦੇਵ ਹਨੂੰਮਾਨ ਮੰਦਿਰ ਚਲਾ ਰਿਹਾ ਸੀ, ਇਹ ਗੱਡੀ ਪਿੰਡ ਅਖਾੜਾ ਸਾਈਡ ਤੋਂ ਆਈ ਤੇ ਉਸ ਨੂੰ ਰੋਕਿਆ ਤਾਂ ਉਸ ਦੀ ਤਲਾਸ਼ੀ ਡੀ. ਐਸ. ਪੀ. (ਇੰਨ:) ਅਮਨਦੀਪ ਸਿੰਘ ਹਾਜ਼ਰੀ 'ਚ ਕੀਤੀ ਤਾਂ ਉਸ ਕੋਲੋ 6 ਕਿਲੋ ਅਫੀਮ ਬਰਾਮਦ ਹੋਈ, ਜਿਸ ਖਿਲਾਫ਼ ਮੁਕੱਦਮਾ ਨੰਬਰ 179 ਅ/ਧ 18/61/85 ਐਨਡੀਪੀਐਸ ਐਕਟ ਤਹਿਤ ਥਾਣਾ ਸਦਰ 'ਚ ਦਰਜ ਕੀਤਾ ਗਿਆ। ਐਸ. ਐਸ. ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ ਰਾਜ ਕੁਮਾਰ ਉਰਫ਼ ਰਾਜੂ ਪਿੱਛਲੇ ਕਾਫੀ ਲੰਬੇ ਸਮੇਂ ਤੋਂ ਅਫੀਮ ਵੇਚਣ ਦਾ ਧੰਦਾ ਕਰਦਾ ਹੈ ਅਤੇ ਭਾਰੀ ਮਾਤਰਾ 'ਚ ਅਫੀਮ ਬਾਹਰੋਂ ਲਿਆ ਕੇ ਪੰਜਾਬ 'ਚ ਗ੍ਰਾਹਕਾਂ ਨੂੰ ਸਪਲਾਈ ਕਰਦਾ ਹੈ ਤੇ ਅੱਜ ਜਗਰਾਉਂ 'ਚ ਅਫੀਮ ਸਪਲਾਈ ਕਰਨ ਆਇਆ ਸੀ ਤੇ ਇਸ ਦੇ ਖਿਲਾਫ਼ ਕਈ ਰਾਜਾਂ 'ਚ ਮੁਕੱਦਮੇ ਦਰਜ ਹਨ ਤੇ ਪੁਲਿਸ ਦੇ ਦਬਾਅ ਕਾਰਨ ਇਹ ਵਾਰ-ਵਾਰ ਆਪਣੀ ਰਿਹਾਇਸ਼ ਬਦਲਦਾ ਰਹਿੰਦਾ ਹੈ। ਉਕਤ ਦੋਸ਼ੀ ਖਿਲਾਫ਼ ਪਹਿਲਾ ਵੀ 2003 'ਚ ਥਾਣਾ ਸੁਧਾਰ ਵਿਖੇ ਇਕ ਕੁਇੰਟਲ 52 ਕਿਲੋ ਭੁੱਕੀ ਦਾ ਪਰਚਾ ਦਾ ਹੈ। ਇਸ ਤੋਂ ਇਲਾਵਾ ਸਾਲ 2014 'ਚ ਥਾਣਾ ਸਿਟੀ ਸੁਨਾਮ 'ਚ 55 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ ਸੀ ਤੇ ਇਹ ਗੱਡੀ ਛੱਡਕੇ ਭੱਜ ਗਿਆ ਸੀ ਤੇ ਉਕਤ ਮੁਕੱਦਮੇ 'ਚ ਪੀ. ਓ. ਵੀ. ਹੈ। ਇਸੇ ਤਰ•ਾਂ ਥਾਣਾ ਕਾਲਾ ਸੰਘਾ ਵਿਖੇ 2 ਕਿਲੋ 700 ਗ੍ਰਾਮ ਅਫੀਮ ਤੇ ਥਾਣਾ ਧੂਰੀ ਵਿਖੇ 45 ਕਿਲੋ ਭੁੱਕੀ ਦਾ ਪਰਚਾ ਵੀ ਦਰਜ ਹੈ। ਐਸ. ਐਸ. ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਡੀ. ਐਸ. ਪੀ. (ਡੀ) ਸਰਬਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀ ਹਾਜ਼ਰ ਸਨ।