
ਅਮਰੀਕਾ ਵਿਚ ਕਾਲੇ ਵਿਅਕਤੀ ਨੇ ਸਿੱਖ ’ਤੇ ਕੀਤਾ ਹਥੌੜੇ ਨਾਲ ਹਮਲਾ
ਕਾਲੇ ਵਿਅਕਤੀ ਨੇ ਸਿੱਖ ਨੂੰ ਕਿਹਾ, ਮੈਂ ਤੁਹਾਨੂੰ ਪਸੰਦ ਨਹੀਂ ਕਰਦਾ ਅਤੇ ਤੁਹਾਡੀ ਚਮੜੀ ਦਾ ਰੰਗ ਵੀ ਮੇਰੇ ਵਰਗਾ ਨਹੀਂ
ਨਿਊਯਾਰਕ, 4 ਮਈ : ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਬਰੂਕਲਿਨ ਦੇ ਇਕ ਹੋਟਲ ਵਿਚ ਇਕ ਗ਼ੈਰ ਗੋਰੇ ਵਿਅਕਤੀ ਨੇ ਸਿੱਖ ਵਿਅਕਤੀ ’ਤੇ ਹਥੌੜੇ ਨਾਲ ਹਮਲਾ ਕਰ ਦਿਤਾ। ਕਾਲੇ ਵਿਅਕਤੀ ਨੇ ਕਿਹਾ,‘‘ਮੈਂ ਤੁਹਾਨੂੰ ਪਸੰਦ ਨਹੀਂ ਕਰਦਾ ਅਤੇ ਤੁਹਾਡੀ ਚਮੜੀ ਦਾ ਰੰਗ ਵੀ ਮੇਰੇ ਵਰਗਾ ਨਹੀਂ ਹੈ।’’ ਘਟਨਾ ਦੇ ਬਾਅਦ ਨਿਊਯਾਰਕ ਸਥਿਤ ਇਕ ਪੈਰੋਕਾਰ ਸਮੂਹ ਨੇ ਜਾਂਚ ਕਰਤਾਵਾਂ ਨੂੰ ਇਹ ਪਤਾ ਲਗਾਉਣ ਦੀ ਅਪੀਲ ਕੀਤੀ ਹੈ ਕੀ ਇਹ ਹਮਲਾ ਨਸਲੀ ਨਫ਼ਰਤ ਤੋਂ ਪ੍ਰੇਰਿਤ ਹੈ ਜਾਂ ਨਹੀਂ।
‘ਨਿਊਯਾਰਕ ਡੇਲੀ ਨਿਊਜ਼’ ਵੈੱਬਸਾਈਟ ਦੀ ਇਕ ਖ਼ਬਰ ਮੁਤਾਬਕ ਐਸਟੋਰੀਆ ਦੇ ਰਹਿਣ ਵਾਲੇ ਸੁਮਿਤ ਆਹਲੂਵਾਲੀਆ (32) ਨੇ ਕਿਹਾ ਕਿ ਉਨ੍ਹਾਂ ’ਤੇ ਹਮਲਾ ਕਰਨ ਵਾਲਾ ਵਿਅਕਤੀ ਨਸਲੀ ਨਫ਼ਰਤ ਨਾਲ ਭਰਿਆ ਹੋਇਆ ਸੀ। ਆਹਲੂਵਾਲੀਆ ਨੇ ਦਸਿਆ ਕਿ ਕਾਲੇ ਵਿਅਕਤੀ ਨੇ ਬ੍ਰਾਊਨਸਵਿਲੇ ਵਿਚ ਉਨ੍ਹਾਂ ’ਤੇ 26 ਅਪ੍ਰੈਲ ਨੂੰ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਉਹ ਵਿਅਕਤੀ ਸਵੇਰੇ ਕਰੀਬ 8 ਵਜੇ ਹੋਟਲ ਵਿਚ ਆਇਆ ਅਤੇ ਚੀਕਣ ਲੱਗਾ। ਆਹਲੂਵਾਲੀਆ ਨੇ ਕਿਹਾ,‘‘ਜਦੋਂ ਮੈਂ ਉਸ ਨਾਲ ਗੱਲ ਕਰਨ ਗਿਆ ਤਾਂ ਉਹ ਮੇਰੇ ਵਲ ਦੌੜਨ ਲੱਗਾ ਅਤੇ ਜਦੋਂ ਉਸ ਨੇ ਜੇਬ ਵਿਚ ਹੱਥ ਪਾਇਆ ਤਾਂ ਮੈਨੂੰ ਲੱਗਾ ਕਿ ਉਹ ਬੰਦੂਕ ਕੱਢ ਰਿਹਾ ਹੈ।’’ ਇਸ ’ਤੇ ਉਨ੍ਹਾਂ ਨੇ ਹਮਲਾਵਰ ਨੂੰ ਕਿਹਾ,‘‘ਕੀ ਹੋਇਆ? ਤੁਸੀਂ ਮੇਰੇ ਭਰਾ ਹੋ।’’ ਇਸ ਮਗਰੋਂ ਹਮਲਾਵਰ ਨੇ ਕਿਹਾ,‘‘ਤੁਹਾਡੀ ਚਮੜੀ ਦਾ ਰੰਗ ਮੇਰੇ ਜਿਹਾ ਨਹੀਂ ਹੈ।’’ ਫਿਰ ਉਸ ਨੇ ਆਹਲੂਵਾਲੀਆ ਦੇ ਸਿਰ ’ਤੇ ਹਥੌੜੇ ਨਾਲ ਹਮਲਾ ਕਰ ਦਿਤਾ। ਪੁਲਿਸ ਨੇ ਸ਼ੱਕੀ ਸ਼ਖ਼ਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਹ ਘਟਨਾ ਉਦੋਂ ਸਾਹਮਣੇ ਆਈ ਹੈ ਜਦੋਂ ਅਮਰੀਕਾ ਵਿਚ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦੌਰਾਨ ਏਸ਼ੀਆਈ ਨਾਗਰਿਕਾਂ ਵਿਰੁਧ ਨਸਲੀ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਵੱਧ ਗਏ ਹਨ। (ਏਜੰਸੀ)