
ਸਿਖਿਆ ਬੋਰਡ ਦੇ ਸਾਰੇ ਮੁੱਖ ਦਰਵਾਜ਼ੇ 16 ਮਈ ਨੂੰ ਬੰਦ ਕੀਤੇ ਜਾਣਗੇ: ਸਿਰਸਾ
ਕਿਹਾ, ਇਸ ਦਾ ਜ਼ਿੰਮੇਵਾਰ ਸਥਾਨਕ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੋਵੇਗਾ
ਐਸ.ਏ.ਐਸ.ਨਗਰ, 4 ਮਈ (ਸੁਖਦੀਪ ਸਿੰਘ ਸੋਈਾ): ਪੰਜਾਬ ਸਕੂਲ ਸਿਖਿਆ ਬੋਰਡ ਵਲੋਂ +2 ਦੇ ਵਿਦਿਆਰਥੀਆਂ ਨੂੰ 'ਪੰਜਾਬ ਦਾ ਇਤਿਹਾਸ' ਦੀ ਕਿਤਾਬ ਪੜ੍ਹਾਈ ਜਾ ਰਹੀ ਹੈ ਜਿਸ ਵਿਚ ਗੁਰ ਇਤਿਹਾਸ ਅਤੇ ਕੌਮੀ ਸਿੱਖ ਯੋਧਿਆਂ ਦੇ ਜੀਵਨ ਕਾਲ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਨਾਲ ਨਾਲ ਗੁਰਬਾਣੀ ਦੇ ਸ਼ਬਦ ਜੋੜ ਵੀ ਗ਼ਲਤ ਲਿਖੇ ਹੋਏ ਹਨ |
ਬਲਦੇਵ ਸਿੰਘ ਸਿਰਸਾ ਨੇ ਦਸਿਆ ਕਿ ਭਾਵੇਂ ਅੱਜ ਅਫ਼ਸਰ ਵਲੋਂ ਪ੍ਰਕਾਸ਼ਕਾਂ ਅਤੇ ਲੇਖਕਾਂ ਨੂੰ ਸੱਦਿਆ ਗਿਆ ਸੀ ਪਰ ਉਸ ਵਿਚ ਵੀ ਕੋਈ ਵਧੀਆ ਕਾਰਗੁਜ਼ਾਰੀ ਨਜ਼ਰ ਨਹੀਂ ਆਈ ਜਿਸ ਨੂੰ ਮੱਦੇਨਜ਼ਰ ਰਖਦਿਆਂ ਕਿਸਾਨ ਜਥੇਬੰਦੀਆਂ, ਧਾਰਮਕ ਜਥੇਬੰਦੀਆਂ, ਸਮਾਜਕ ਜਥੇਬੰਦੀਆਂ ਅਤੇ ਸਮੂਹ ਇਨਸਾਫ਼ ਪਸੰਦ ਲੋਕਾਂ ਦੀ ਸਹਿਮਤੀ ਨਾਲ ਮੋਰਚੇ ਨੂੰ ਹੋਰ ਤਿੱਖਾ ਕਰਨ ਲਈ ਦੋਸ਼ੀਆਂ ਵਿਰੁਧ ਪਰਚੇ ਦਰਜ ਕਰਵਾਉਣ ਲਈ ਪੰਜਾਬ ਸਕੂਲ ਸਿਖਿਆ ਬੋਰਡ ਦੇ ਸਾਰੇ ਮੁੱਖ ਦਰਵਾਜ਼ੇ 16 ਮਈ 2022 ਨੂੰ ਸਵੇਰੇ ਅੱਠ ਵਜੇ ਬੰਦ ਕੀਤੇ ਜਾਣਗੇ ਜਿਸ ਦਾ ਜ਼ਿੰਮੇਵਾਰ ਸਥਾਨਕ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੋਵੇਗੀ |
ਬਲਦੇਵ ਸਿੰਘ ਸਿਰਸਾ ਨੇ ਮੰਗ ਕਰਦਿਆਂ ਕਿਹਾ ਕਿ ਜਿਥੇ ਤਿੰਨ ਕਿਤਾਬਾਂ ਪਾਬੰਦ ਕੀਤੀਆਂ ਗਈਆਂ ਹਨ ਉਥੇ ਹੋਰ ਵੀ ਕਈ ਲੇਖਕਾਂ ਦੀਆਂ ਕਿਤਾਬਾਂ ਜਿਨ੍ਹਾਂ 'ਤੇ ਰੋਕ ਲਾਉਣੀ ਜ਼ਰੂਰੀ ਹੈ | ਉਹ ਵੀ ਜਲਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਦੋਸ਼ੀਆਂ ਵਿਰੁਧ ਐਫਆਈਆਰ ਦਰਜ ਕਰ ਕੇ ਸਖ਼ਤ ਸਜ਼ਾਵਾਂ ਦਿਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਗੁਰ ਇਤਿਹਾਸ ਸਿੱਖ ਕੌਮੀ ਯੋਧਿਆਂ ਅਤੇ ਗੁਰਬਾਣੀ ਦੀਆਂ ਤੁਕਾਂ ਨਾਲ ਕੋਈ ਛੇੜਛਾੜ ਨਾ ਕਰ ਸਕੇ | ਇਸ ਨਾਲ ਹੀ ਬਲਦੇਵ ਸਿੰਘ ਸਿਰਸਾ ਨੇ ਇਹ ਵੀ ਕਿਹਾ ਕਿ ਨਵਾਂ ਸੈਸ਼ਨ ਸ਼ੁਰੂ ਹੋ ਚੁੱਕਾ ਹੈ | ਇਸ ਲਈ ਸਕੂਲੀ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਨਵੀਆਂ ਪੁਸਤਕਾਂ ਸੋਧ ਕੇ ਸਕੂਲਾਂ ਵਿਚ ਮੁਹਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਵਿਚ ਵਿਘਨ ਨਾ ਪਵੇ |
photos 4-7