
16 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਗੇਟ ਪੂਰਨ ਤੌਰ 'ਤੇ ਅਣਮਿਥੇ ਸਮੇਂ ਲਈ ਬੰਦ ਕੀਤੇ ਜਾਣਗੇ
ਮੁਹਾਲੀ : ਸਿੱਖ ਇਤਿਹਾਸ ਨਾਲ ਕੀਤੀ ਗਈ ਛੇੜਛਾੜ ਵਾਲੀਆਂ ਕਿਤਾਬਾਂ ਦੇ ਅਹਿਮ ਤੇ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਚਲ ਰਹੇ ਰੋਸ ਧਰਨੇ ਵਿੱਚ ਅੱਜ ਖਡੂਰ ਸਾਹਿਬ ਹਲਕੇ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਵਿਸ਼ੇਸ਼ ਕਰਕੇ ਹਾਜ਼ਰੀ ਭਰੀ। ਰੋਸ ਧਰਨੇ ਦੇ ਸਪਰੀਮੋ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਤਾਬਾਂ ਵਿਚ ਪੰਜਾਬ ਖਾਸ ਕਰਕੇ ਸਿੱਖ ਇਤਿਹਾਸ ਦੀ ਕੀਤੀ ਗ਼ਲਤ ਬਿਆਨੀ ਬਾਰੇ ਵਿਸਥਾਰ ਪੂਰਵਕ ਦੱਸਿਆ ਤਾਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਇਤਿਹਾਸਕ ਇਸ ਬਜਰ ਗ਼ਲਤ ਬਿਆਨੀ ਤੇ ਦੁੱਖ ਜ਼ਾਹਰ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਰਕਾਰ ਨੂੰ ਜ਼ੋਰ ਕੇ ਕਿਹਾ ਜਾਵੇਗਾ ਕਿ ਇਸ ਵਿਵਾਦਿਤ ਮਾਮਲੇ ਛੇਤੀ ਤੋਂ ਛੇਤੀ ਸੁਲਝਾਇਆ ਜਾਵੇ।
PHOTO
ਪਰ ਸਿਰਸਾ ਨੇ ਇਸ ਦੌਰਾਨ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਤਾੜਨਾ ਵੀ ਕੀਤੀ ਕਿ ਜੇਕਰ 15 ਮਈ ਤੱਕ ਇਤਿਹਾਸ ਦੀ ਗ਼ਲਤ ਬਿਆਨੀ ਕਰਨ ਵਾਲੀਆਂ ਕਿਤਾਬਾਂ ਦੇ ਲਿਖਾਰੀਆਂ, ਪ੍ਰਕਾਸ਼ਕਾਂ ਤੇ ਹੋਰ ਸੰਬੰਧਿਤ ਦੋਸ਼ੀਆਂ ਤੇ ਕਾਨੂੰਨੀ ਚਾਰਾਜੋਈ ਕਰਦਿਆਂ ਪਰਚੇ ਦਰਜ ਕੀਤੇ ਜਾਣ ਨਹੀਂ ਤਾਂ 16 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਗੇਟ ਪੂਰਨ ਤੌਰ 'ਤੇ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੇ ਜਾਣਗੇ। ਜਿਸ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਤੇ ਮੌਜੂਦਾ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੇ ਧਰਨੇ ਵਿੱਚ ਪਿੰਡ ਕੰਬਾਲਾ ਦੀ ਸੰਗਤ ਵਲੋਂ ਲੰਗਰ ਦੀ ਸੇਵਾ ਕੀਤੀ ਗਈ।
PHOTO
ਇਸੇ ਦੌਰਾਨ ਬੇਰੋਜ਼ਗਾਰ ਡਿਗਰੀਆਂ ਹੋਲਡਰ ਨੌਜਵਾਨਾਂ ਨੇ ਆਪਣੇ ਦੁੱਖੜੇ ਫਰੋਲਦਿਆਂ ਕਿਹਾ ਕਿ ਅਸੀਂ ਸਖ਼ਤ ਘਾਲਣਾ ਨਾਲ ਕਈ ਸਾਲ ਗਾਲ ਕੇ ਆਲ ਇੰਡੀਆ ਕਾਊਂਸਲ ਫਾਰ ਟੈਕਨੀਕਲ ਦੇ ਅਧੀਨ ਬੈਚੂਲਰ ਆਫ ਫਾਈਨ ਆਰਟਸ ਅਤੇ ਮਾਸਟਰ ਆਫ ਫਾਈਨ ਆਰਟਸ ਡਿਗਰੀਆਂ ਹਾਸਲ ਕੀਤੀਆਂ ਪਰ ਪਿਛਲੀ ਕਾਂਗਰਸ ਸਰਕਾਰ ਵੱਲੋਂ ਉਕਤ ਡਿਗਰੀਆਂ ਨੂੰ ਦਰਕਿਨਾਰ ਕਰਦਿਆਂ ਨੋਟੀਫਿਕੇਸ਼ਨ ਜਾਰੀ ਕਰਕੇ ਆਰਟਸ ਐਂਡ ਕਰਾਫਟ ਅਧਿਆਪਕਾਂ ਦੀ ਸੂਚੀ ਵਿਚੋਂ ਸਾਨੂੰ ਬਾਹਰ ਕੱਢ ਦਿੱਤਾ ਗਿਆ ਜੋ ਅਸਾਮੀਆਂ ਵਿਚ ਉਕਤ ਡਿਗਰੀਆਂ ਨੂੰ ਬਾਹਰ ਰੱਖ ਕੇ ਸਾਡੇ ਨਾਲ ਇੱਕ ਵੱਡਾ ਧੱਕਾ ਤੇ ਬੇਇਨਸਾਫ਼ੀ ਹੈ।
ਜਦਕਿ ਭਾਰਤ ਦੇ ਬਾਕੀ ਸੂਬਿਆਂ ਸਮੇਤ ਦਿੱਲੀ ਵਿਚ ਉਕਤ ਡਿਗਰੀ ਹੋਲਡਰਾਂ ਨੂੰ ਬਕਾਇਦਾ ਆਰਟਸ ਐਂਡ ਕਰਾਫਟ ਅਧਿਆਪਕ ਵਜੋਂ ਰੁਜ਼ਗਾਰ ਦਿੱਤਾ ਹੋਇਆ ਤੇ ਲੋੜ ਅਨੁਸਾਰ ਦਿੱਤਾ ਵੀ ਜਾ ਰਿਹਾ ਹੈ।ਇਸ ਮਾਮਲੇ 'ਤੇ ਵੀ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਪੰਜਾਬ ਦੀ ਆਪ ਸਰਕਾਰ ਨੂੰ ਹਮਦਰਦੀ ਨਾਲ ਵਿਚਾਰ ਕਰਦਿਆਂ ਪੜੇ ਲਿਖੇ ਨੌਜਵਾਨਾਂ ਨੂੰ ਉਨ੍ਹਾਂ ਦੀ ਵਿਦਿਅਕ ਲਿਆਕਤ ਅਨੁਸਾਰ ਰੋਜ਼ਗਾਰ ਦੇਣ ਦੀ ਪੁਰਜ਼ੋਰ ਅਪੀਲ ਕੀਤੀ ।