
ਹਰ ਫਰੰਟ ‘ਤੇ ਫੇਲ੍ਹ ਹੋਈਆਂ ਸੂਬਾ ਤੇ ਕੇਂਦਰ ਸਰਕਾਰ ਨੂੰ ਸਬਕ ਸਿਖਾਇਆ ਜਾਵੇ : ਰਾਜਾ ਵੜਿੰਗ
ਜਲੰਧਰ : ਅੱਜ ਜਲੰਧਰ ਦੀ ਜ਼ਿਮਨੀ ਚੋਣ ਸਬੰਧੀ ਕਾਂਗਰਸ ਪਾਰਟੀ ਵੱਲੋਂ ਹਲਕਾ ਨਕੋਦਰ ਦੇ ਪਿੰਡ ਲਿੱਤਰਾਂ ‘ਚ ਸਰਪੰਚ ਰੁਪਿੰਦਰ ਸਿੰਘ ਭਿੰਦਾ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ, ਹਲਕਾ ਚੋਣ ਇੰਚਾਜਰ ਸਾਬਕਾ ਵਿਧਾਇਕ ਬਰਿੰਦਮੀਤ ਸਿੰਘ ਪਾਹੜਾ, ਹਲਕਾ ਇੰਚਾਰਜ ਡਾ. ਨਵਜੋਤ ਸਿੰਘ ਦਹੀਆ, ਮਾਈਕਲ ਗਾਗੋਵਾਲ ਮਾਨਸਾ ਪ੍ਰਧਾਨ ਆਦਿ ਹਾਜ਼ਰ ਸਨ।
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਦੇਸ਼ ਤੇ ਸੂਬੇ ਦੀ ਤਰੱਕੀ, ਖੁਸ਼ਹਾਲੀ ਤੇ ਸ਼ਾਂਤੀ ਲਈ ਕਾਰਜ ਕੀਤੇ ਹਨ ਅੱਜ ਭਾਵੇੰ ਵਿਰੋਧੀ ਜੋ ਮਰਜੀ ਕਹੀ ਜਾਣ ਪਰ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਜਦੋਂ ਦੇਸ਼ ਆਜਾਦ ਹੋਇਆ ਉਸ ਸਮੇਂ ਕਾਂਗਰਸ ਪਾਰਟੀ ਨੇ ਹੀ ਲੋਕਾਂ ਦੇ ਸਹਿਯੋਗ ਨਾਲ ਦੇਸ਼ ਨੂੰ ਬੁਲੰਦੀਆਂ ਤੱਕ ਪੰਹੁਚਾਇਆ, ਬਹੁਤ ਘੱਟ ਸਮੇਂ ‘ਚ ਦੇਸ਼ ਨੂੰ ਮੂਹਰਲੀ ਕਤਾਰ ਦੇ ਦੇਸ਼ਾਂ ਦੀ ਸੂਚੀ ‘ਚ ਲਿਆ ਕੇ ਖੜ੍ਹਾ ਕੀਤਾ।
ਰਾਜਾ ਵੜਿੰਗ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਦੇਸ਼ ‘ਚ ਦਿਨੋ ਦਿਨ ਮਹਿੰਗਾਈ ਤੇ ਬੇਰੁਜ਼ਗਾਰੀ ਵੱਧ ਰਹੀ ਹੈ ਪਰ ਭਾਜਪਾ ਕੋਲ ਸਿਵਾਏ ਗੱਲ੍ਹਾਂ ਦੇ ਕੋਈ ਨੀਤੀ ਨਹੀੰ ਹੈ ਜਿਸ ਨਾਲ ਸਰਕਾਰ ਲੋਕਾਂ ਨੂੰ ਕੋਈ ਰਾਹਤ ਦੇ ਸਕੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਬਰਬਾਦੀ ਵੱਲ ਧੱਕ ਰਹੀ ਹੈ।
ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਮਾਲੀਆ ਇਕੱਠਾ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਹਾਲਾਤ ਇਹ ਹੈ ਸਰਕਾਰ ਵੱਲੋਂ ਪਹਿਲੇ ਦੋ ਸਾਲਾਂ ‘ਚ 66000 ਕਰੋੜ ਦਾ ਕਰਜ਼ਾ ਲੈਣ ਦੀ ਤਜਵੀਜ ਰੱਖੀ ਗਈ ਹੈ ਅਜਿਹੀ ਸਰਕਾਰ ਤੋਂ ਤੁਸੀਂ ਪੰਜਾਬ ਦੀ ਭਲਾਈ ਦੀ ਆਸ ਕਿਵੇੰ ਰੱਖ ਸਕਦੇ ਹੋ ?
ਕਾਂਗਰਸ ਪ੍ਰਧਾਨ ਨੇ ਅੰਤ ਵਿਚ ਕਿਹਾ ਕਿ ਅੱਜ ਲੋੜ ਹੈ ਹਰ ਫਰੰਟ ‘ਤੇ ਫੇਲ੍ਹ ਹੋਈਆਂ ਸੂਬਾ ਤੇ ਕੇਂਦਰ ਸਰਕਾਰ ਨੂੰ ਸਬਕ ਸਿਖਾਇਆ ਜਾਵੇ ਇਸ ਲਈ ਇਹ ਚੋਣ ਬਹੁਤ ਜਿਆਦਾ ਅਹਿਮ ਹੈ। ਇਸ ਚੋਣ ਦੇ ਨਤੀਜਿਆਂ ਨੇ ਪੰਜਾਬ ਦੇ ਲੋਕਾਂ ਦੀ ਤਕਦੀਰ ਦਾ ਫੈਂਸਲਾ ਕਰਨਾ ਹੈ ਇਸ ਲਈ ਆਓ 10 ਮਈ ਨੂੰ ਕਾਂਗਰਸ ਦੀ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਕੇ ਹੰਕਾਰੀ ਸਾਸ਼ਕਾਂ ਨੂੰ ਸਬਕ ਸਿਖਾਈਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਸਿੰਘ ਰਾਜੋਵਾਲ, ਚੇਅਰਮੈਨ ਗੁਰਦੀਪ ਸਿੰਘ ਧੰਮ੍ਹਣਵਾਲ, ਡਾ. ਅਵਤਾਰ ਸਿੰਘ, ਬਲਜੀਤ ਸਿੰਘ ਜੌਹਲ ਬਲਾਕ ਪ੍ਰਧਾਨ, ਜਗਦੀਪ ਸਿੰਘ ਰਾਮੇਵਾਲ, ਗਗਨਦੀਪ ਸਿੰਘ ਔਜਲਾ, ਆਦਿ ਹਾਜ਼ਰ ਸਨ।