ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਸੀ ਟੱਕਰ
ਗੁਰਦਸਪੁਰ (ਗੁਰਪ੍ਰੀਤ ਸਿੰਘ) : ਬਟਾਲਾ 'ਚ ਜਲੰਧਰ ਰੋਡ 'ਤੇ ਕਿਸੇ ਅਣਪਛਾਤੇ ਵਾਹਨ ਨਾਲ ਮੋਟਰਸਾਈਕਲ ਦੀ ਹੋਈ ਟੱਕਰ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਇੱਕ 18 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਰੈਫ਼ਰ ਕੀਤਾ ਗਿਆ ਹੈ।
ਮ੍ਰਿਤਕ ਦੀ ਪਛਾਣ ਵਿਸ਼ਾਲ (18) ਵਜੋਂ ਹੋਈ ਹੈ ਅਤੇ ਉਹ ਬਟਾਲਾ ਦੇ ਮਾਨ ਨਗਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਚਾਚਾ ਜ਼ੋਰਜ ਮਸੀਹ ਨੇ ਦਸਿਆ ਕਿ ਵਿਸ਼ਾਲ ਆਪਣੇ ਦੋ ਦੋਸਤਾਂ ਨਾਲ ਮੋਟਰਸਾਈਕਲ 'ਤੇ ਸਵਾਰ ਹੋਕੇ ਘਰ ਵਾਪਸ ਆ ਰਿਹਾ ਸੀ ਅਤੇ ਰਸਤੇ ਵਿਚ ਜਲੰਧਰ ਰੋਡ 'ਤੇ ਵਿਸ਼ਾਲ ਮੈਗਾ ਮਾਰਟ ਨਜ਼ਦੀਕ ਪਿਛੋਂ ਆ ਰਹੇ ਵਾਹਨ ਨੇ ਟੱਕਰ ਮਾਰ ਦਿਤੀ ਅਤੇ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ: ਨੌਜਵਾਨ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਆਰਥਕ ਤੰਗੀ ਕਾਰਨ ਰਹਿੰਦਾ ਸੀ ਪ੍ਰੇਸ਼ਾਨ
ਉਨ੍ਹਾਂ ਦਸਿਆ ਕਿ ਟੱਕਰ ਤੋਂ ਬਾਅਦ ਅਣਪਛਾਤਾ ਵਾਹਨ ਫਰਾਰ ਹੋ ਗਿਆ ਪਰ ਇਸ ਹਾਦਸੇ ਵਿਚ ਵਿਸ਼ਾਲ ਦੀ ਮੌਤ ਹੋ ਗਈ ਅਤੇ ਉਸ ਦੇ ਦੋ ਦੋਸਤ ਜ਼ਖ਼ਮੀ ਹੋ ਗਏ। ਉਥੇ ਹੀ ਪਰਿਵਾਰ ਨੇ ਅਪੀਲ ਕੀਤੀ ਕਿ ਜੋ ਅਣਪਛਾਤੇ ਵਾਹਨ ਨੇ ਟੱਕਰ ਮਾਰੀ ਹੈ ਉਸ ਦੀ ਭਾਲ ਕਰ ਪੁਲਿਸ ਸਖ਼ਤ ਕਾਨੂੰਨੀ ਕਾਰਵਾਈ ਕਰੇ।
ਸਿਵਿਲ ਹਸਪਤਾਲ ਦੀ ਡਿਊਟੀ ਮੈਡੀਕਲ ਅਧਕਾਰੀ ਡਾਕਟਰ ਸੁਮਿਤੀ ਨੇ ਹਾਦਸੇ ਬਾਰੇ ਦਸਦੇ ਹੋਏ ਕਿਹਾ ਕਿ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦੇ ਦਿਤੀ ਗਈ ਹੈ। ਬਾਕੀ ਬਣਦੀ ਕਾਨੂੰਨੀ ਕਾਰਵਾਈ ਪੁਲਿਸ ਵਲੋਂ ਕੀਤੀ ਜਾਵੇਗੀ। ਉਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਕਾਰੀ ਏ.ਐਸ.ਆਈ. ਸਤਨਾਮ ਸਿੰਘ ਨੇ ਦਸਿਆ ਕਿ ਸੜਕ ਹਾਦਸੇ ਬਾਰੇ ਰਾਤ ਹੀ ਜਾਣਕਾਰੀ ਮਿਲੀ ਸੀ ਅਤੇ ਹੁਣ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਮਾਮਲਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।