
ਘਰ ਦਾ ਇਕਲੌਤਾ ਕਮਾਉਣ ਵਾਲਾ ਸੀ ਗੁਰਸੇਵਕ ਸਿੰਘ
ਪੰਜਾਬੀ ਗੀਤਕਾਰ ਗੁਰਸੇਵਕ ਸਿੰਘ ਬਰਾੜ ਦਾ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿਚ ਦਿਹਾਂਤ ਹੋ ਗਿਆ। ਕੋਟਕਪੂਰਾ-ਮੁਕਤਸਰ ਸੜਕ ’ਤੇ ਪਿੰਡ ਖਾਰਾ ਨੇੜੇ ਇਕ ਟਰੱਕ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਗੁਰਸੇਵਕ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਐਤਵਾਰ ਰਾਤ 8:45 ਵਜੇ ਦੇ ਕਰੀਬ ਵਾਪਰਿਆ। ਗੁਰਸੇਵਕ ਆਪਣੇ ਮੋਟਰਸਾਈਕਲ ’ਤੇ ਕੋਟਕਪੂਰਾ ਤੋਂ ਆਪਣੇ ਪਿੰਡ ਖੋਖਰ (ਮੁਕਤਸਰ) ਨੂੰ ਵਾਪਸ ਆ ਰਿਹਾ ਸੀ। ਜਦੋਂ ਉਹ ਪਿੰਡ ਖਾਰਾ ਨੇੜੇ ਬਾਰੜ ਢਾਬੇ ਨੇੜੇ ਪਹੁੰਚਿਆ ਤਾਂ ਉਸ ਦੀ ਟੱਕਰ ਇਕ ਟਰੱਕ ਨਾਲ ਹੋ ਗਈ। ਹਾਦਸੇ ਵਿਚ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਮ੍ਰਿਤਕ ਆਪਣੇ ਪਿੱਛੇ ਆਪਣੇ ਬਜ਼ੁਰਗ ਪਿਤਾ, ਪਤਨੀ ਅਤੇ ਪੁੱਤਰ ਛੱਡ ਗਿਆ ਹੈ। ਉਸ ਦੀ ਮੌਤ ਨੇ ਪਰਿਵਾਰ ਲਈ ਬਹੁਤ ਮੁਸੀਬਤਾਂ ਲਿਆਂਦੀਆਂ ਹਨ ਕਿਉਂਕਿ ਉਹ ਇਕੱਲਾ ਹੀ ਘਰ ਦੀ ਦੇਖਭਾਲ ਕਰਦਾ ਸੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਟਰੱਕ ਡਰਾਈਵਰ ਵਿਰੁਧ ਕਾਰਵਾਈ ਕੀਤੀ ਜਾਵੇ।
ਕੋਟਕਪੂਰਾ ਸਦਰ ਥਾਣੇ ਦੀ ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ, ਫਰੀਦਕੋਟ ਭੇਜ ਦਿਤਾ ਗਿਆ ਹੈ। ਜਾਂਚ ਅਧਿਕਾਰੀ ਏਐਸਆਈ ਗੁਰਬੀਰ ਸਿੰਘ ਨੇ ਦਸਿਆ ਕਿ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।