
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੀ 'ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ' ਦੀ ਸੋਚ ਨੂੰ ਹੋਰ ਅੱਗੇ ਵਧਾਉਂਦਿਆਂ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ...
ਪਟਿਆਲਾ/ਬਹਾਦਰਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੀ 'ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ' ਦੀ ਸੋਚ ਨੂੰ ਹੋਰ ਅੱਗੇ ਵਧਾਉਂਦਿਆਂ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਭਰਤੀ ਕੀਤੇ ਵੱਖ-ਵੱਖ ਸ਼੍ਰੇਣੀਆਂ ਦੇ 3683 ਯੋਗ ਕਰਮਚਾਰੀਆਂ ਵਿਚੋਂ 35 ਜਣਿਆਂ ਨੂੰ ਨਿਯੁਕਤੀ ਪੱਤਰ ਸੌਂਪੇ। ਜਦੋਂਕਿ ਅੱਜ ਇਥੇ ਪੰਜਾਬੀ ਯੂਨੀਵਰਸਟੀ ਦੇ ਸ੍ਰੀ ਗੁਰੂ ਤੇਗ਼ ਬਹਾਦਰ ਹਾਲ ਵਿਖੇ ਕਰਵਾਏ ਗਏ ਇਕ ਵਿਸ਼ਾਲ ਨਿਯੁਕਤੀ ਪੱਤਰ ਵੰਡ ਸਮਾਰੋਹ ਮੌਕੇ ਹੋਰ 1800 ਜਣਿਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਬਾਕੀਆਂ ਵੀ ਨੂੰ ਇਸੇ ਮਹੀਨੇ ਨਿਯੁਕਤੀ ਪੱਤਰ ਸੌਂਪ ਦਿਤੇ ਜਾਣਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਮਾਤਾ, ਰਾਜਮਾਤਾ ਮਹਿੰਦਰ ਕੌਰ ਦੀ ਅੱਜ ਪਹਿਲੀ ਬਰਸੀ ਮੌਕੇ ਸੰਯੋਗਵਸ ਰੱਖੇ ਗਏ ਇਸ ਸਮਾਗਮ ਮੌਕੇ ਐਲਾਨ ਕੀਤਾ ਕਿ ਆਉਂਦੇ ਮਹੀਨਿਆਂ 'ਚ ਪੰਜਾਬ ਦੇ ਹੋਰਨਾਂ ਵਿਭਾਗਾਂ 'ਚ ਵੀ ਖ਼ਾਲੀ ਪਈਆਂ ਅਸਾਮੀਆਂ ਭਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਵਲੋਂ ਰੈਗੂਲਰ ਕਰਮਚਾਰੀ ਭਰਤੀ ਕਰਨ ਦੀ ਅਰੰਭੀ ਗਈ ਇਸ ਇਤਿਹਾਸਕ ਪ੍ਰਕਿਰਿਆ ਨਾਲ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਮਿਲਦੀਆਂ ਸੇਵਾਵਾਂ ਵਿਚ ਹੋਰ ਵੀ ਸੁਧਾਰ ਹੋਵੇਗਾ।
ਪੰਜਾਬ ਦੀ ਕਿਰਸਾਨੀ, ਨੌਜਵਾਨਾਂ ਦੀ ਬੇਰੁਜ਼ਗਾਰੀ ਅਤੇ ਖੇਤੀ ਸਮੇਤ ਪੰਜਾਬ ਦੇ ਹਾਲਾਤ ਬਾਬਤ ਰਾਜਮਾਤਾ ਮਹਿੰਦਰ ਕੌਰ ਨਾਲ ਬੀਤੇ ਸਮੇਂ 'ਚ ਹੋਏ ਸੰਵਾਦ ਨੂੰ ਯਾਦਕਰਦਿਆਂ ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਨੇ ਕਿਹਾ, ''ਉਨ੍ਹਾਂ ਨੇ ਰਾਜਮਾਤਾ ਨੂੰ ਭਰੋਸਾ ਦਿਤਾ ਸੀ ਕਿ ਜਦੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਆਵੇਗੀ ਤਾਂ ਇਨ੍ਹਾਂ ਲਈ ਉਹ ਅਵੱਸ਼ ਕੁੱਝ ਕਰਨਗੇ ਅਤੇ ਅੱਜ ਜਦੋਂ ਉਨ੍ਹਾਂ ਦੀ ਪਹਿਲੀ ਬਰਸੀ ਹੈ ਤਾਂ ਇਸ ਸਮੇਂ ਜਿਥੇ ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦਿਤੇ ਜਾ ਰਹੇ ਹਨ, ਉਥੇ ਹੀ ਕਿਸਾਨਾਂ ਦੇ ਕਰਜ਼ੇ ਵੀ ਮਾਫ਼ ਕੀਤੇ ਗਏ ਹਨ, ਜਦੋਂ ਕਿ ਉਨ੍ਹਾਂ ਨੇ ਅਪਣੇ ਕੀਤੇ ਵਾਅਦੇ ਪੂਰੇ ਕਰਨ ਲਈ ਹੋਰ ਵੀ ਬਹੁਤ ਕਦਮ ਉਠਾਏ ਹਨ।''
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਸੀ ਕਿ ਉਨ੍ਹਾਂ ਦੀ ਸਰਕਾਰ ਨੂੰ ਵਿਰਸੇ 'ਚ ਵੱਡਾ ਕਰਜ਼ਾ ਅਤੇ ਮਾਲੀ ਘਾਟੇ ਸਮੇਤ ਹਰ ਪਾਸੇ ਬੁਰਾ ਹਾਲ ਹੀ ਮਿਲਿਆ ਪਰੰਤੂ ਉਨ੍ਹਾਂ ਨੇ ਫੇਰ ਵੀ ਇਸ ਨੂੰ ਸੁਧਾਰਨ ਦੇ ਯਤਨ ਅਰੰਭੇ ਪਰੰਤੂ ਇਸ ਨੂੰ ਕੁੱਝ ਸਮਾਂ ਜ਼ਰੂਰ ਲੱਗੇਗਾ। ਉਨ੍ਹਾਂ ਕਿਹਾ ਕਿ (ਬਾਕੀ ਸਫ਼ਾ 10 'ਤੇ)
ਇਸ ਦੇ ਬਾਵਜੂਦ ਉਹ ਅਪਣਾ ਵਾਅਦਾ ਪੂਰਾ ਕਰਦਿਆਂ ਨਵੰਬਰ ਮਹੀਨੇ ਤਕ 10 ਲੱਖ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦੇਣਗੇ।
ਮੁੱਖ ਮੰਤਰੀ ਨੇ ਰੋਜ਼ਗਾਰ ਬਾਬਤ ਦਸਿਆ ਕਿ ਉਨ੍ਹਾਂ ਦੀ ਸਰਕਾਰ ਨੇ 1.65 ਲੱਖ ਨੌਜਵਾਨਾਂ ਨੂੰ ਸਰਕਾਰੀ ਤੇ ਗ਼ੈਰਸਰਕਾਰੀ ਖੇਤਰ 'ਚ ਨੌਕਰੀਆਂ ਦਿਤੀਆਂ ਹਨ ਅਤੇ ਭਵਿੱਖ 'ਚ ਨੌਜਵਾਨਾਂ ਨੂੰ ਹੁਨਰ ਵਿਕਾਸ ਤੇ ਤਕਨੀਕੀ ਸਿਖਿਆ ਜ਼ਰੀਏ ਇਨ੍ਹਾਂ ਖੇਤਰਾਂ 'ਚ ਹੋਰ ਵੀ ਨੌਕਰੀ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।ਸੂਬੇ ਦੀ ਖ਼ੁਸ਼ਹਾਲੀ ਅਤੇ ਤਰੱਕੀ ਵਿੱਚ ਪਾਏ ਯੋਗਦਾਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਨਿਗਮ ਸੂਬੇ ਅੰਦਰ ਰੋਜ਼ਗਾਰ ਦੇ ਸਾਧਨ ਮੁਹਈਆ ਕਰਵਾਉਣ ਵਿਚ ਵੀ ਬਹੁਤ ਹੀ ਜ਼ਿੰਮੇਵਾਰੀ ਨਾਲ ਅਪਣੀ ਭੂਮਿਕਾ ਨਿਭਾ ਰਿਹਾ ਹੈ।
ਨਵੇਂ ਚੁਣੇ ਕਰਮਚਾਰੀਆਂ, ਜਿਨ੍ਹਾਂ 'ਚ ਸਹਾਇਕ ਲਾਇਨਮੈਨ, ਜੂਨੀਅਰ ਇੰਜੀਨੀਅਰਜ, ਸਬ ਸਟੇਸ਼ਨ ਸਹਾਇਕ ਅਤੇ ਐਲ.ਡੀ.ਸੀ. ਕਲਰਕ ਸ਼ਾਮਲ ਹਨ, ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਸੱਦਾ ਦਿਤਾ ਕਿ ਉਹ ਪੂਰੀ ਇਮਾਨਦਾਰੀ, ਤਨਦੇਹੀ ਅਤੇ ਦਿਆਨਤਾਰੀ ਨਾਲ ਅਪਣੀ ਡਿਊਟੀ ਨਿਭਾਉਣ। ਉਨ੍ਹਾਂ ਇਹ ਵੀ ਭਰੋਸਾ ਦਿਤਾ ਕਿ ਬਾਕੀ ਰਹਿੰਦੇ ਨਿਯੁਕਤੀ ਪੱਤਰ ਇਕ ਮਹੀਨੇ 'ਚ ਦੇ ਦਿਤੇ ਜਾਣਗੇ।ਇਸ ਸਮੇਂ ਨਵੇਂ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਜਿਥੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਸਿਰ ਵੱਡੀ ਜ਼ਿੰਮੇਵਾਰੀ ਪਈ ਹੈ,
ਉਥੇ ਹੀ ਉਨ੍ਹਾਂ ਨੇ ਅਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਵੀ ਕਰਨੀ ਹੈ। ਉਨ੍ਹਾਂ ਨੇ ਨਾਲ ਹੀ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਮੁੜ ਤੋਂ ਨੰਬਰ ਇਕ ਸੂਬਾ ਬਣਾਉਣ ਲਈ ਉਹ ਪੰਜਾਬ ਸਰਕਾਰ ਦਾ ਸਾਥ ਦੇਣ ਕਿਉਂਕਿ ਕੈਪਟਨ ਸਰਕਾਰ ਹਰ ਵਾਅਦਾ ਪੂਰਾ ਕਰੇਗੀ।ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਸੂਬੇ ਦੀ ਮਾੜੀ ਮਾਲੀ ਆਰਥਕ ਹਾਲਤ ਹੋਣ ਅਤੇ ਕੇਂਦਰ ਸਰਕਾਰ ਵਲੋਂ ਜੀ.ਐਸ.ਟੀ. ਸਮੇਤ ਹੋਰ ਬਣਦਾ ਹਿੱਸਾ ਸਮੇਂ ਸਿਰ ਨਾ ਦੇਣ ਦੇ ਬਾਵਜੂਦ ਵੀ ਦੋ ਵੱਡੇ ਵਾਅਦੇ ਪੂਰੇ ਕਰਦਿਆਂ
ਜਿਥੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਉਥੇ ਹੀ ਘਰ-ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਮੈਨੀਫ਼ੈਸਟੋ 'ਚ ਕੀਤਾ ਹਰ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ ਪਰੰਤੂ ਪੰਜਾਬ ਦੇ ਲੋਕਾਂ ਨੂੰ ਕੁੱਝ ਸਮਾਂ ਹੋਰ ਸਬਰ ਕਰਦਿਆਂ ਸਰਕਾਰ ਦਾ ਸਾਥ ਦੇਣਾ ਪਵੇਗਾ।ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀਆਂ ਵਿਰੋਧੀ ਧਿਰਾਂ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਜਿਥੇ ਗੱਪਾਂ ਅਤੇ ਝੂਠੇ ਪ੍ਰਚਾਰ ਦਾ ਖੱਟਿਆ ਖਾਂਦੇ ਹਨ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੰਜਾਬ,
ਪੰਜਾਬੀਅਤ ਅਤੇ ਰਾਜ ਦੇ ਹਰ ਵਰਗ ਦੇ ਆਗੂ ਬਣ ਕੇ ਸਾਹਮਣੇ ਆਏ ਹਨ। ਇਸ ਮੌਕੇ ਤੋਂ ਪਹਿਲਾਂ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਪੰਜਾਬ ਦੇ ਬਿਜਲੀ ਤੇ ਨਵਿਉਣਯੋਗ ਊਰਜਾ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਦਸਿਆ ਕਿ ਮੁੱਖ ਮੰਤਰੀ ਨੇ ਜੋ ਕਿਹਾ ਉਹ ਕਰ ਕੇ ਵਿਖਾਇਆ ਹੈ ਅਤੇ ਅੱਜ ਬਿਜਲੀ ਨਿਗਮ ਵਲੋਂ ਦਿਤੀਆਂ ਜਾ ਰਹੀਆਂ ਇਹ ਨੌਕਰੀਆਂ ਵੀ ਇਸੇ ਸੋਚ ਦਾ ਹਿੱਸਾ ਹਨ। ਇਸ ਸਮੇਂ ਬਿਜਲੀ ਨਿਗਮ ਦੇ ਪ੍ਰਬੰਧਕਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ੍ਰੀਮਤੀ ਪ੍ਰਨੀਤ ਕੌਰ ਅਤੇ ਕੈਬਨਿਟ ਵਜ਼ੀਰਾਂ ਦਾ ਸਨਮਾਨ ਕੀਤਾ ਗਿਆ।
ਜਦੋਂ ਕਿ ਪੰਜਾਬੀ ਯੂਨੀਵਰਸਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਵਲੋਂ ਮੁੱਖ ਮੰਤਰੀ ਨੂੰ ਡਾ. ਗੁਰਬਚਨ ਸਿੰਘ ਤਾਲਿਬ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਕੀਤੇ ਗਏ ਅਨੁਵਾਦ ਦੀਆਂ 4 ਪੌਥੀਆਂ ਭੇਟ ਕੀਤੀਆਂ। ਜਦੋਂ ਕਿ ਕੈਬਨਿਟ ਵਜ਼ੀਰਾਂ ਨੂੰ ਵੀ ਪੁਸਤਕ 'ਰਾਗ ਰਤਨ' ਦੇ ਸੈੱਟ ਨਾਲ ਸਨਮਾਨਤ ਕੀਤਾ ਗਿਆ।ਸਮਾਗਮ ਦੌਰਾਨ ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋਜ, ਵਿਧਾਇਕ ਘਨੌਰ ਮਦਨ ਲਾਲ ਜਲਾਲਪੁਰ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ,
ਮੁੱਖ ਮੰਤਰੀ ਦੇ ਓ.ਐਸ.ਡੀ. ਸ. ਐਮ.ਪੀ. ਸਿੰਘ ਤੇ ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ. ਹਰਿੰਦਰ ਪਾਲ ਸਿੰਘ ਹੈਰੀਮਾਨ, ਸ਼ਹਿਰੀ ਕਾਂਗਰਸ ਪ੍ਰਧਾਨ ਪੀ.ਕੇ. ਪੁਰੀ, ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਰੀਤਇੰਦਰ ਸਿੰਘ ਰਿੱਕੀ ਮਾਨ, ਸੰਤੋਖ ਸਿੰਘ, ਅਨਿਲ ਮਹਿਤਾ, ਕੇ.ਕੇ. ਸਹਿਗਲ, ਦਰਸ਼ਨ ਸਿੰਘ ਘੁੰਮਣ, ਸੁਖਦੇਵ ਮਹਿਤਾ, ਕੇ.ਕੇ. ਮਲਹੋਤਰਾ, ਜਸਵਿੰਦਰ ਸਿੰਘ ਰੰਧਾਵਾ, ਗੁਰਸ਼ਰਨ ਕੌਰ ਰੰਧਾਵਾ ਆਦਿ ਹਾਜ਼ਰ ਸਨ।