
ਕੇਂਦਰ ਦੀਆਂ ਸ਼ਰਤਾਂ ਬਿਲਕੁਲ ਪ੍ਰਵਾਨ ਨਹੀਂ ਕਰਾਂਗੇ
ਚੰਡੀਗੜ੍ਹ: ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਵਲੋਂ ਕਿਸਾਨਾਂ ’ਤੇ ਬਿਜਲੀ ਬਿੱਲ ਲਾਉਣ ਲਈ ਲਾਈਆਂ ਸ਼ਰਤਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਕਰਜ਼ਾ ਬੇਸ਼ੱਕ ਨਾ ਮਿਲੇ ਪਰ ਅਸੀ ਪੰਜਾਬ ਨੂੰ ਅਪਣੇ ਬਲਬੂਤੇ ਚਲਾਵਾਂਗੇ। ਸਪੋਕਸਮੈਨ ਟੀ.ਵੀ. ਨਾਲ ਵਿਸ਼ੇਸ਼ ਗੱਲਬਾਤ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਆਧਾਰਤ ਸੂਬਾ ਹੈ ਅਤੇ ਦੇਸ਼ ਦਾ ਅੰਨ ਭੰਡਾਰ ਕਿਸਾਨ ਭਰਦੇ ਹਨ, ਜਿਸ ਕਰ ਕੇ ਇਨ੍ਹਾਂ ’ਤੇ ਸ਼ਰਤਾਂ ਲਾ ਕੇ ਭਵਿੱਖ ਵਿਚ ਅੰਨ ਭੰਡਾਰ ਕਿਵੇਂ ਭਰੇਗਾ?
captain amrinder singh
ਇਹ ਸ਼ਰਤਾਂ ਸੰਘੀ ਢਾਂਚੇ ਦੇ ਉਲਟ ਹਨ ਜੋ ਕਿਸੇ ਵੀ ਹਾਲਤ ਵਿਚ ਪ੍ਰਵਾਨ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਜਦੋਂ ਯੂਨਾਇਟਡ ਅਕਾਲੀ ਦਲ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਨਾਲ ਸਨ ਤਾਂ ਉਸ ਸਮੇਂ ਸੂਬਿਆਂ ਨੂੰ ਖ਼ੁਦ ਮੁਖਤਿਆਰੀ ਦਾ ਮੰਗ ਉਠੀ ਸੀ ਅਤੇ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਵੀ ਆਇਆ ਸੀ। ਗ੍ਰਿਫ਼ਤਾਰੀਆਂ ਵੀ ਹੋਈਆਂ ਪਰ ਅੱਜ ਕੱਲ੍ਹ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਪਣੇ ਬੇਟੇ ਅਤੇ ਨੂੰਹ ਲਈ ਮੂੰਹ ਬੰਦ ਕਰ ਕੇ ਘਰ ਵਿਚ ਏਕਾਂਤਵਾਸ ਹੋ ਕੇ ਬੈਠੇ ਹਨ।
Sukhbir Badal
ਉਨ੍ਹਾਂ ਕਿਹਾ ਕਿ ਕਿਸਾਨਾਂ ’ਤੇ ਬਿਜਲੀ ਬਿਲਾਂ ਦਾ ਵਿਰੋਧ ਤਾਂ ਕਰ ਰਹੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਖੁਦ ਮੁਖ਼ਤਿਆਰੀ ਦੀ ਗੱਲ ਕਰਨੀ ਚਾਹੀਦੀ ਹੈ ਅਤੇ ਕੇਂਦਰ ਦੀਆਂ ਸ਼ਰਤਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਨਹੀਂ ਤਾਂ ਉਹ ਅਸਤੀਫ਼ਾ ਦੇ ਕੇ ਘਰ ਬੈਠ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਬਿਲ ਭਰਨਾ ਕਿਸਾਨਾਂ ਦੇ ਵਸ ਦੀ ਗੱਲ ਨਹੀਂ। ਸ. ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਤਾਂ ਪਹਿਲਾਂ ਤੋਂ ਹੀ ਐਮ.ਬੀ.ਏ. ਕਰਨ ਬਾਅਦ ਬਿਜਨਸ ਦੀਆਂ ਗੱਲਾਂ ਕਰਦਾ ਸੀ ਅਤੇ ਹੁਣ ਵੀ ਸਿਆਸਤ ਵਿਚ ਬਿਜਨਸ ਹੀ ਕਰ ਰਿਹਾ ਹੈ।
Sukhjinder Singh Randhawa
ਬੀਜ ਘੋਟਾਲੇ ਬਾਰੇ ਅਕਾਲੀ ਦਲ ਦੇ ਦੋਸ਼ਾਂ ਸਬੰਧੀ ਸ. ਰੰਧਾਵਾ ਨੇ ਕਿਹਾ ਕਿ ਮੇਰਾ ਇਸ ਨਾਲ ਕੋਈ ਲੈਣ ਦੇਣ ਨਹੀਂ ਹੈ। ਪਰ ਇਕ ਸੀਡ ਫ਼ਾਰਮ ਨਹੀਂ ਤਿੰਨੇ ਸੀਡ ਫਾਰਮਾਂ ਦੀ ਜਾਂਚ ਹੋਵੇ ਅਤੇ ਇਹ ਪਤਾ ਕੀਤਾ ਜਾਵੇ ਕਿ ਇਹ ਕਿਸ ਦੇ ਹਨ ਅਤੇ ਕਿਹੜੀ ਪਾਰਟੀ ਦੇ ਬੰਦੇ ਹਨ? ਸ. ਰੰਧਾਵਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ’ਤੇ ਵੀ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਕੈਬਨਿਟ ਵਿਚ ਕਦੇ ਪੰਜਾਬ ਦੇ ਮੁੱਦੇ ਨਹੀਂ ਉਠਾਏ। ਉਨ੍ਹਾਂ ਕਿਹਾ ਕਿ ਮੋਦੀ ਦੇ ਰਾਹਤ ਪੈਕਜ ਵੀ ਸਿਰਫ਼ ਅੰਕੜਿਆਂ ਦੀ ਖੇਡ ਹੀ ਹੈ ਅਤੇ ਪੰਜਾਬ ਨੂੰ ਜੀ.ਐਸ.ਟੀ. ਦਾ ਬਕਾਇਆ ਵੀ ਅਜੇ ਤਕ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਸਲ ਵਿਚ ਅਕਾਲੀ ਦਲ ਦਾ ਅਧਾਰ ਖ਼ਤਮ ਹੋ ਚੁੱਕਾ ਹੈ ਅਤੇ ਉਹ ਅਪਣਾ ਖੁਸਿਆ ਆਧਾਰ ਹਾਸਲ ਕਰਨ ਲਈ ਹੀ ਬੇਲੋੜੇ ਮੁੱਦੇ ਉਠਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਹੈ ਅਤੇ ਇਧਰ ਉਧਰ ਹੱਥ ਪੈਰ ਮਾਰ ਰਿਹਾ ਹੈ।