
ਸਿਆਸੀ ਪਾਰਟੀਆਂ ’ਚ ਜੋੜ-ਤੋੜ ਦੀਆਂ ਸਰਗਰਮੀਆਂ
ਚੰਡੀਗੜ੍ਹ, 4 ਜੂਨ (ਐਸ.ਐਸ. ਬਰਾੜ) : ਕੋਰੋਨਾ ਬੀਮਾਰੀ ਕਾਰਨ ਬੇਸ਼ੱਕ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਮੀਡੀਆ ਤਕ ਸੀਮਤ ਲਗਦੀਆਂ ਹਨ, ਪ੍ਰੰਤੂ ਅੰਦਰਖਾਤੇ ਆਉਣ ਵਾਲੀਆਂ ਅਸੈਂਬਲੀ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪੰਜਾਬ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਪਾਰਟੀਆਂ ’ਚ ਹੀ ਹਿਲਜੁਲ ਆਰੰਭ ਹੋ ਗਈ ਹੈ।
ranjit singh brahmpuraਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ ਤਾਂ ਚਲ ਹੀ ਰਹੀਆਂ ਹਨ, ਉਧਰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਸੀਨੀਅਰ ਟਕਸਾਲੀ ਅਕਾਲੀ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਦੀ ਵਾਪਸੀ ਦੀਆਂ ਵੀ ਗੱਲਾਂ ਚਲ ਪਈਆਂ ਹਨ। ਨਾ ਤਾਂ ਅਜੇ ਨਵਜੋਤ ਸਿੰਘ ਸਿੱਧੂ ਨੇ ਅਪਣੀ ਪੁਜੀਸ਼ਨ ਸਪੱਸ਼ਟ ਕੀਤੀ ਹੈ ਅਤੇ ਨਾ ਹੀ ਸ. ਬ੍ਰਹਮਪੁਰਾ ਨੇ। ਪ੍ਰੰਤੂ ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਦੇ ਸਾਰੇ ਹੀ ਸੀਨੀਅਰ ਨੇਤਾ ਸਮੇਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਰੇ ਹੀ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਤੀ ਰਵਈਆ ਨਰਮ ਰਖਦੇ ਹਨ ਅਤੇ ਉਨ੍ਹਾਂ ਨੂੰ ਮੁੜ ਪਾਰਟੀ ’ਚ ਸ਼ਾਮਲ ਕਰਨ ਲਈ ਸਹਿਮਤ ਹਨ।
Sukhbir singh badal
ਇਸ ਸਬੰਧੀ ਅਕਾਲੀ ਦਲ ਦੇ ਇਕ ਸੀਨੀਅਰ ਨੇਤਾ ਨਾਲ ਗੱਲ ਹੋਈ ਤਾਂ ਉਨ੍ਹਾਂ ਦਸਿਆ ਕਿ ਸ. ਬ੍ਰਹਮਪੁਰਾ ਦਾ ਸਾਰੇ ਹੀ ਨੇਤਾ ਸਤਿਕਾਰ ਕਰਦੇ ਹਨ। ਉਹ ਬਹੁਤ ਸੀਨੀਅਰ ਨੇਤਾ ਹਨ। ਉਨ੍ਹਾਂ ਦੀ ਵਾਪਸੀ ਲਈ ਗੱਲਬਾਤ ਚਲਦੀ ਰਹਿੰਦੀ ਹੈ ਅਤੇ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ’ਚ ਉੁਨ੍ਹਾਂ ਦੀ ਵਾਪਸੀ ਲਈ ਗੱਲਬਾਤ ਹੋਵੇਗੀ। ਜਿਥੋਂ ਤਕ ਡਾ. ਰਤਨ ਸਿੰਘ ਅਜਨਾਲਾ ਦਾ ਸਬੰਧ ਹੈ, ਉੁਨ੍ਹਾਂ ਦਾ ਪਰਵਾਰ ਤਾਂ ਪਹਿਲਾਂ ਹੀ ਪਾਰਟੀ ’ਚ ਸ਼ਾਮਲ ਹੋ ਚੁੱਕਾ ਹੈ।
navjot singh sidhu
ਸੁਖਦੇਵ ਸਿੰਘ ਢੀਂਡਸਾ ਜੋ ਕੁੱਝ ਮਹੀਨੇ ਪਹਿਲਾਂ ਹੀ ਪਾਰਟੀ ਤੋਂ ਵੱਖ ਹੋਏ ਹਨ, ਬਾਰੇ ਪੁੱਛੇ ਜਾਣ ’ਤੇ ਉੁਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦਾ ਪਾਰਟੀ ਕਾਡਰ ਉਨ੍ਹਾਂ ਦਾ ਸਖ਼ਤ ਵਿਰੋਧ ਕਰ ਰਿਹਾ ਹੈ। ਨਾ ਹੀ ਉਨ੍ਹਾਂ ਦੀ ਵਾਪਸੀ ਬਾਰੇ ਕਦੇ ਗੱਲ ਚੱਲੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਅਸਲ ’ਚ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਨੇ ਕੁੱਝ ਗ਼ਲਤਫ਼ਹਿਮੀਆਂ ਕਾਰਨ ਪਾਰਟੀ ਛੱਡੀ ਅਤੇ ਹੁਣ ਉਹ ਵੀ ਮਹਿਸੂਸ ਕਰਦੇ ਹਨ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਵਾਪਸੀ ਦੀ ਗੱਲ ਕਾਫ਼ੀ ਹੱਦ ਤਕ ਸਿਰੇ ਲੱਗ ਗਈ ਸੀ, ਪ੍ਰੰਤੂ ਮਾਝੇ ਦੇ ਇਕ ਨੇਤਾ ਨੂੰ ਕੁੱਝ ਇਤਰਾਜ ਸਨ। ਇਸੇ ਕਾਰਨ ਗੱਲ ਸਿਰੇ ਨਾ ਲੱਗ ਸਕੀ। ਪ੍ਰੰਤੂ ਹੁਣ ਉਹ ਨੇਤਾ ਵੀ ਚਾਹੁੰਦੇ ਹਨ ਕਿ ਸ. ਬ੍ਰਹਮਪੁਰਾ ਨੂੰ ਵਾਪਸ ਪਾਰਟੀ ’ਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ. ਬ੍ਰਹਮਪੁਰਾ ਵੀ ਵਾਪਸੀ ਦੇ ਹੱਕ ’ਚ ਸਨ। ਉੁਨ੍ਹਾਂ ਦੀਆਂ ਗ਼ਲਤਫ਼ਹਿਮੀਆਂ ਵੀ ਦੂਰ ਹੋ ਗਈਆਂ ਹਨ। ਉੁਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਅਜੇ ਬਾਕਾਇਦਾ ਗੱਲਬਾਤ ਦਾ ਫ਼ੈਸਲਾ ਤਾਂ ਨਹੀਂ ਹੋਇਆ ਪ੍ਰੰਤੂ ਆਉਣ ਵਾਲੇ ਦਿਨਾਂ ’ਚ ਗੱਲਬਾਤ ਹੋਣ ਦੀ ਸੰਭਾਵਨਾ ਹੈ।