ਦੱਸਿਆ ਜਾ ਰਿਹਾ ਹੈ ਕਿ ਸਬ-ਇੰਸਪੈਕਟਰ ਰਣਧੀਰ ਸਿੰਘ ਦੇ ਲਾਅਨ 'ਚ ਕੁੱਤੇ ਗੰਦਗੀ ਫੈਲਾਉਂਦੇ ਸਨ
ਚੰਡੀਗੜ੍ਹ: ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਇੱਕ ਗਲੀ ਦੇ ਕੁੱਤੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹਰਿਆਣਾ ਪੁਲਿਸ ਦੇ ਸਬ-ਇੰਸਪੈਕਟਰ 'ਤੇ ਕੁੱਤੇ ਨੂੰ ਮਾਰਨ ਦੇ ਦੋਸ਼ ਲੱਗੇ ਹਨ। ਦੋਸ਼ ਹੈ ਕਿ ਸਬ-ਇੰਸਪੈਕਟਰ ਨੇ ਆਪਣੇ ਘਰ ਦੇ ਬਾਹਰ ਬਿਜਲੀ ਦੀ ਤਾਰ ਲਟਕਾ ਕੇ ਰੱਖੀ ਸੀ ਅਤੇ ਕੁੱਤੇ ਦੀ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਸਬ-ਇੰਸਪੈਕਟਰ ਰਣਧੀਰ ਸਿੰਘ ਦੇ ਲਾਅਨ 'ਚ ਕੁੱਤੇ ਗੰਦਗੀ ਫੈਲਾਉਂਦੇ ਸਨ, ਜਿਸ ਕਾਰਨ ਉਸ ਨੇ ਬਿਜਲੀ ਦੀ ਤਾਰ ਨਾਲ ਲਟਕਾ ਕੇ ਉਸ ਵਿਚ ਕਰੰਟ ਛੱਡ ਦਿੱਤਾ। ਇਹ ਮਾਮਲਾ ਚੰਡੀਗੜ੍ਹ ਦੇ ਸੈਕਟਰ 23 ਦਾ ਹੈ। ਜਿੱਥੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਸਬ-ਇੰਸਪੈਕਟਰ ਦੇ ਘਰ ਦੇ ਬਾਹਰ ਇੱਕ ਕੁੱਤਾ ਬੇਹੋਸ਼ ਪਿਆ ਮਿਲਿਆ। ਉਸ ਦੇ ਮੂੰਹ ਵਿਚ ਤਾਰਾਂ ਫਸੀਆਂ ਹੋਈਆਂ ਸਨ।
ਇਹ ਦੇਖ ਕੇ ਲੋਕ ਇਕੱਠੇ ਹੋ ਗਏ ਅਤੇ ਕੁੱਤੇ ਦੇ ਮੂੰਹ 'ਚੋਂ ਤਾਰਾਂ ਕੱਢੀਆਂ ਪਰ ਇਸ ਦੌਰਾਨ ਉਹਨਾਂ ਨੂੰ ਕਰੰਟ ਲੱਗਿਆ ਅਤੇ ਉਹ ਪਿੱਛੇ ਹਟ ਗਏ। ਲੋਕਾਂ ਨੂੰ ਸ਼ੱਕ ਸੀ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਅਨ ਦੀ ਜਾਂਚ ਕੀਤੀ ਤਾਂ ਤਾਰਾਂ ਘਰ ਦੇ ਅੰਦਰ ਜਾ ਰਹੀਆਂ ਸਨ। ਘਰ ਦੇ ਅੰਦਰੋਂ ਹੀ ਕਰੰਟ ਦਿੱਤਾ ਗਿਆ ਸੀ। ਪੁਲਸ ਨੇ ਮ੍ਰਿਤਕ ਕੁੱਤੇ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ। ਪੋਸਟ ਮਾਰਟਮ ਦੀ ਰਿਪੋਰਟ 'ਚ ਪਤਾ ਲੱਗਾ ਹੈ ਕਿ ਕੁੱਤੇ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਹੈ।
ਪੁਲਿਸ ਨੇ ਗੁਆਂਢੀ ਦੀ ਸ਼ਿਕਾਇਤ ’ਤੇ ਮੁਲਜ਼ਮ ਰਣਧੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਐਨੀਮਲ ਐਕਟ ਅਤੇ ਆਈਪੀਸੀ ਦੀ ਧਾਰਾ 336 ਤੋਂ ਇਲਾਵਾ ਗੈਰ-ਜ਼ਮਾਨਤੀ ਧਾਰਾਵਾਂ ਵੀ ਲਗਾਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁਲਜ਼ਮ ਸਬ-ਇੰਸਪੈਕਟਰ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਫੋਨ 'ਤੇ ਹੋਈ ਗੱਲਬਾਤ 'ਚ ਦੋਸ਼ੀ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਉਸ 'ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਉਹ ਛੁੱਟੀ 'ਤੇ ਗਿਆ ਹੋਇਆ ਸੀ ਅਤੇ ਘਰ ਬੰਦ ਸੀ। ਪਤਾ ਨਹੀਂ ਇਹ ਬਿਜਲੀ ਦੀ ਤਾਰ ਕਿਵੇਂ ਆ ਗਈ।