
ਡੋਨੀਟੋਜ਼ ਵਲੋਂ ਡੋਮੀਨੋਜ਼ ਦੇ ਟ੍ਰੇਡਮਾਰਕ ਦੀ ਵਰਤੋਂ ’ਤੇ ਰੋਕ ਲਗਾਈ, ਸੋਸ਼ਲ ਮੀਡੀਆ ਮੰਚਾਂ ਨੂੰ ਡੋਨੀਟੋ ਦੇ ਉਤਪਾਦਾਂ ਦੀ ਸੂਚੀ ਹਟਾਉਣ ਦੇ ਵੀ ਹੁਕਮ ਦਿੱਤੇ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਪੰਜਾਬ ਦੀ ਫੂਡ ਚੇਨ ਡੋਨੀਟੋਜ਼ 'ਤੇ ਇਕਪਾਸੜ ਅੰਤਰਿਮ ਹੁਕਮ ਜਾਰੀ ਕਰਦੇ ਹੋਏ ਉਸ ਨੂੰ ਪੀਜ਼ਾ ਅਤੇ ਬਰਗਰ ਵੇਚਣ ਲਈ ਡੋਮੀਨੋਜ਼ ਦੇ ਟ੍ਰੇਡਮਾਰਕ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਹੈ। ਇਹ ਹੁਕਮ ਜਸਟਿਸ ਅਨੀਸ਼ ਦਿਆਲ ਨੇ ਡੋਮੀਨੋਜ਼ ਪਿਜ਼ਾ ਗਰੁੱਪ ਆਫ ਕੰਪਨੀਜ਼ ਦੇ ਹੱਕ ਵਿੱਚ ਪਾਸ ਕੀਤਾ ਸੀ।
ਅਦਾਲਤ ਨੇ ਡੋਨੀਟੋਜ਼ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਡੋਮੇਨ www.donito's.in ਤੋਂ ਪਿਜ਼ਾ ਅਤੇ ਬਰਗਰ ਨਾਲ ਸਬੰਧਤ ਇਸ ਦੇ ਸਾਰੇ ਨਿਸ਼ਾਨਾਂ ਦੇ ਹਵਾਲੇ ਹਟਾ ਦੇਵੇ। ਇਸ ਤੋਂ ਇਲਾਵਾ, ਅਦਾਲਤ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਡੋਨੀਟੋ ਦੇ ਉਤਪਾਦਾਂ ਦੀ ਸੂਚੀ ਹਟਾਉਣ ਦੇ ਵੀ ਹੁਕਮ ਦਿੱਤੇ।
ਡੋਮੀਨੋਜ਼ ਨੇ ਦਲੀਲ ਦਿੱਤੀ ਕਿ ਇਹ ਆਪਣੇ ਕਾਰੋਬਾਰ ਦੇ ਸਬੰਧ ਵਿੱਚ "ਡੋਮੀਨੋਜ਼" ਅਤੇ "ਡੋਮੀਨੋਜ਼ ਪਿਜ਼ਾ" ਸਮੇਤ ਆਪਣੇ ਰਜਿਸਟਰਡ ਟ੍ਰੇਡਮਾਰਕ ਦੀ ਕਿਸੇ ਹੋਰ ਵਲੋਂ ਵਰਤੋਂ ਨੂੰ ਰੋਕਣ ਦਾ ਵਿਸ਼ੇਸ਼ ਅਧਿਕਾਰ ਰੱਖਦਾ ਹੈ।
ਜਲੰਧਰ, ਨਕੋਦਰ, ਗੋਰਾਇਆ ਅਤੇ ਮਹਿਤਪੁਰ ਵਰਗੇ ਇਲਾਕਿਆਂ 'ਚ ਡੋਨੀਟੋਜ਼ ਨਾਂ ਨਾਲ 6 ਆਊਟਲੈਟ ਚਲਾਉਣ ਵਾਲੀ ਪੰਜਾਬ ਦੀ ਇਕਾਈ ਵਿਰੁਧ ਮੁਕੱਦਮਾ ਉਦੋਂ ਦਾਇਰ ਕੀਤਾ ਗਿਆ ਸੀ, ਜਦੋਂ ਡੋਮੀਨੋਜ਼ ਨੂੰ ਅਪ੍ਰੈਲ 'ਚ ਉਲੰਘਣਾ ਦੇ ਨਿਸ਼ਾਨਾਂ ਦੀ ਵਰਤੋਂ ਦਾ ਪਤਾ ਲੱਗਾ ਸੀ, ਜਦੋਂ ਉਸ ਨੂੰ '#DONITOS' ਨਾਲ ਜੁੜੇ '#DOMINOS' ਦੀ ਵਰਤੋਂ ਕਰਦਿਆਂ ਇਕ ਯੂਟਿਊਬ ਵੀਡੀਓ ਮਿਲੀ ਸੀ।