
ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸੈਲਾਨੀਆਂ ਲਈ......
ਚੰਡੀਗੜ੍ਹ : ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸੈਲਾਨੀਆਂ ਲਈ ਪੰਜਾਬ ਦੇ ਪਾਣੀਆਂ ਵਿਚ ਨਵੀਂ ਤੇ ਨਿਵੇਕਲੀ ਟੂਰਿਸਟ ਬੱਸ ਨੂੰ ਚਲਾਉਣ 'ਤੇ ਹੁਣ ਡੇਢ ਸਾਲ ਬਾਅਦ ਕਿੰਤੂ ਪ੍ਰੰਤੂ ਕਰਦੇ ਹੋਏ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 8.62 ਕਰੋੜ ਦਾ ਪ੍ਰਾਜੈਕਟ ਬਿਨਾਂ ਕਿਸੇ ਰੀਪੋਰਟ ਜਾਂ ਮਾਹਰਾਂ ਤੋਂ ਸਲਾਹ ਲਏ ਬਿਨਾਂ ਹੀ ਸ਼ੁਰੂ ਕਰ ਦਿਤਾ ਗਿਆ। ਇਸ ਬਾਰੇ ਅਕਾਊਂਟੈਂਟ ਜਨਰਲ ਤੇ ਆਡਿਟ ਵਿਭਾਗ ਵਲੋਂ ਕੀਤੀ ਪੜਚੋਲ ਰੀਪੋਰਟ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਸਿੱਧੂ ਨੇ ਦਸਿਆ
ਕਿ ਅਕਾਲੀ-ਭਾਜਪਾ ਸਰਕਾਰ ਜਾਂ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਦੀ ਸਲਾਹ 'ਤੇ ਅੱਠ ਕਰੋੜ ਐਵੇਂ ਹੀ ਰੋੜ੍ਹ ਦਿਤੇ। ਨਾ ਤਾਂ ਬੱਸ ਚਲਾਉਣ ਵਾਲੇ ਇਲਾਕੇ ਦੀ ਸਟੱਡੀ ਕਰਵਾਈ, ਨਾ ਪਾਣੀ ਦਾ ਪੱਧਰ ਜਾਂਚਿਆ, ਫਿਰ ਸਤਲੁਜ ਦਰਿਆ ਦਾ ਪਾਣੀ ਹੋਰ ਛੱਡਿਆ, 25 ਪਿੰਡਾਂ ਦੀਆਂ ਫ਼ਸਲਾਂ ਦਾ ਨੁਕਸਾਨ ਕੀਤਾ, ਇਹ ਟੂਰਿਸਟ ਬੱਸ ਸਿਰਫ਼ 10 ਦਿਨ ਚੱਲੀ, ਮਾਲੀਆ ਆਮਦਨ ਸਿਰਫ਼ 70,600 ਰੁਪਏ ਹੋਈ। ਮਈ ਮਹੀਨੇ ਦੀ 28 ਤਰੀਕ ਨੂੰ ਕੀਤੀ ਏ.ਜੀ. ਯਾਨੀ ਆਡਿਟ ਰੀਪੋਰਟ ਦੀ ਕਾਪੀ 'ਚ ਕਿਹਾ ਗਿਆ ਹੈ ਕਿ ਇਸ ਸੈਲਾਨੀ ਪ੍ਰਾਜੈਕਟ ਦੀ ਕੋਈ ਮੁਢਲੀ ਰੀਪੋਰਟ ਜਾਂ ਖਾਕਾ ਨਹੀਂ ਤਿਆਰ ਕੀਤਾ,
ਨਾ ਹੀ ਨਫ਼ਾ-ਨੁਕਸਾਨ ਦਾ ਅੰਦਾਜ਼ਾ ਲਗਾਇਆ, ਪਰ ਜਿੱਦ ਨਾਲ ਗੋਆ ਦੀ ਇਕ ਕੰਪਨੀ ਤੋਂ 4.52 ਕਰੋੜ ਦੀ ਬੱਸ ਖ਼ਰੀਦ ਲਈ ਅਤੇ ਸੈਲਾਨੀ ਪ੍ਰਾਜੈਕਟ ਸ਼ੁਰੂ ਕਰ ਦਿਤਾ, ਜੋ ਕਾਇਦੇ ਕਾਨੂੰਨ ਤੋਂ ਪਰ੍ਹੇ ਸੀ। ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਇਸ ਬੱਸ ਨੂੰ ਵੇਚਣ ਲਈ ਬੋਲੀ ਲਾਉਣ ਦੇ ਹੁਕਮ ਕਰ ਦਿਤੇ ਹਨ ਅਤੇ ਛੇਤੀ ਹੀ ਬੱਸ ਵੇਚ ਕੇ ਸਰਕਾਰੀ ਖ਼ਜ਼ਾਨੇ 'ਚ ਰਕਮ ਜਮਾਂ ਕਰਵਾ ਦਿਤੀ ਜਾਵੇਗੀ।
ਸ੍ਰੀ ਸਿੱਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਅਪਣਾ ਹੋਟਲ ਬਿਜ਼ਨੈਸ, ਟਰਾਂਸਪੋਰਟ ਬਸਾਂ, ਪ੍ਰਾਈਵੇਟ ਕੰਪਨੀਆਂ ਤੋਂ ਕਰੋੜਾਂ ਦਾ ਲਾਭ ਲੈਣ ਲਈ ਸਰਕਾਰ ਤੋਂ ਫ਼ਾਇਦਾ ਖੱਟਿਆ, ਪਰ ਪੰਜਾਬ ਸਰਕਾਰ ਦਾ ਸੈਰ-ਸਪਾਟਾ, ਆਵਾਜਾਈ, ਖੇਡਾਂ ਤੇ ਹੋਰ ਮਹਿਕਮਿਆਂ ਦੀ ਪੂਰੀ ਖ਼ਰਾਬੀ ਕਰ ਦਿਤੀ ਸੀ।