
ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ 5 ਹੋਰ ਮੌਤਾਂ ਹੋ ਗਈਆਂ ਅਤੇ 172 ਨਵੇਂ ਪਾਜ਼ੇਟਿਵ ਮਾਮਲੇ 24 ਘੰਟਿਆਂ
ਚੰਡੀਗੜ੍ਹ, 4 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ 5 ਹੋਰ ਮੌਤਾਂ ਹੋ ਗਈਆਂ ਅਤੇ 172 ਨਵੇਂ ਪਾਜ਼ੇਟਿਵ ਮਾਮਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਹਨ। ਹੁਣ ਜਿਥੇ ਮੌਤਾਂ ਦੀ ਗਿਣਤੀ 165 ਤਕ ਪਹੁੰਚ ਗਈ ਹੈ ਉਥੇ ਪਾਜ਼ੇਟਿਵ ਮਰੀਜ਼ਾਂ ਦਾ ਕੁਲ ਅੰਕੜਾ ਵੀ ਸੂਬੇ ਵਿਚ 6100 ਤੋਂ ਪਾਰ ਹੋ ਗਿਆ ਹੈ। ਸ਼ਾਮ ਤਕ ਇਹ ਅੰਕੜਾ 6109 ਸੀ। ਜ਼ਿਲ੍ਹਾ ਜਲੰਧਰ ਤੇ ਲੁਧਿਆਣਾ ਵਿਚ ਅੱਜ ਮੁੜ ਕੋਰੋਨਾ ਧਮਾਕਾ ਹੋਇਆ ਜਿਥੇ ਕ੍ਰਮਵਾਰ 61 ਤੇ 46 ਕੇਸ ਆਏ ਹਨ।
4306 ਮਰੀਜ਼ ਹੁਣ ਤਕ ਠੀਕ ਹੋਏ ਹਨ। 1641 ਮਰੀਜ਼ ਇਸ ਸਮੇਂ ਇਲਾਜ ਅਧੀਨ ਹਨ। ਇਨ੍ਹਾਂ ਵਿਚੋਂ 28 ਆਕਸੀਜਨ ਅਤੇ 3 ਵੈਂਟੀਲੇਟਰ 'ਤੇ ਹਨ। ਅੱਜ ਹੋਈਆਂ ਮੌਤਾਂ ਵਿਚ 2 ਮਾਮਲੇ ਜ਼ਿਲ੍ਹਾ ਮੋਗਾ ਅਤੇ ਇਕ ਦਿਨ ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਮੋਹਾਲੀ ਨਾਲ ਸਬੰਧਤ ਹੈ। ਹੁਣ ਤਕ ਸੱਭ ਤੋਂ ਵੱਧ ਮੌਤਾਂ ਜ਼ਿਲ੍ਹਾ ਅੰਮ੍ਰਿਤਸਰ ਵਿਚ 48 ਹੋਈਆਂ ਹਨ। ਇਸ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਹੈ ਜਿਥੇ 24 ਮੌਤਾਂ ਹੋ ਚੁਕੀਆਂ ਹਨ।
ਜਲੰਧਰ ਜ਼ਿਲ੍ਹੇ ਵਿਚ ਵੀ 21 ਮੌਤਾਂ ਹੋਈਆਂ ਹਨ। ਪਾਜ਼ੇਟਿਵ ਮਰੀਜ਼ਾਂ ਦਾ ਸੱਭ ਤੋਂ ਵੱਧ ਅੰਕੜਾ ਜ਼ਿਲ੍ਹਾ ਲੁਧਿਆਣਾ ਦਾ ਹੈ। ਇਥੇ ਹੁਣ ਤਕ ਕੁਲ 1017 ਪਾਜ਼ੇਟਿਵ ਮਾਮਲੇ ਦਰਜ ਹੋਏ ਹਨ। ਅੱਜ ਪਾਜ਼ੇਟਿਵ ਆਏ ਮਰੀਜ਼ਾਂ ਵਿਚ ਜ਼ਿਕਰਯੋਗ ਗੱਲ ਹੈ ਕਿ ਸਥਾਨਕ ਸਰਕਾਰ ਵਿਭਾਗ ਵਿਚ ਤੈਨਾਤ ਇਕ ਪੀ.ਸੀ.ਐਸ. ਅਫ਼ਸਰ ਦੀ ਰੀਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਵਿਭਾਗ ਵਿਚ ਹਲਚਲ ਮਚੀ ਹੋਈ ਹੈ। ਇਥੇ ਪਹਿਲਾਂ ਵੀ ਇਕ ਮੁਲਾਜ਼ਮ ਪਾਜ਼ੇਟਿਵ ਆਇਆ ਸੀ।