
ਬੀਤੇ ਦਿਨ ਪਾਕਿਸਤਾਨ ਦੇ ਕਸਬਾ ਸੱਚਾ ਸੌਦਾ ਨਜ਼ਦੀਕ ਇਕ ਘੋਨੇ ਫਾਟਕ 'ਤੇ ਮਾਰੇ ਗਏ 20 ਸਿੱਖ ਸ਼ਰਧਾਲੂਆਂ ਦੀ ਮੌਤ 'ਤੇ
ਬਠਿੰਡਾ, 4 ਜੁਲਾਈ (ਸੁਖਜਿੰਦਰ ਮਾਨ): ਬੀਤੇ ਦਿਨ ਪਾਕਿਸਤਾਨ ਦੇ ਕਸਬਾ ਸੱਚਾ ਸੌਦਾ ਨਜ਼ਦੀਕ ਇਕ ਘੋਨੇ ਫਾਟਕ 'ਤੇ ਮਾਰੇ ਗਏ 20 ਸਿੱਖ ਸ਼ਰਧਾਲੂਆਂ ਦੀ ਮੌਤ 'ਤੇ ਦੁੱਖ ਦਾ ਇਜ਼ਹਾਰ ਜ਼ਾਹਰ ਕਰਦਿਆਂ ਪਾਕਿਸਤਾਨ ਦੇ ਐਮ.ਪੀ. ਰਾਏ ਅਜ਼ੀਜ਼ ਉੱਲਾ ਖ਼ਾਨ ਨੇ ਰੇਲਵੇ ਵਿਭਾਗ ਨੂੰ ਪੀੜਤ ਪ੍ਰਵਾਰਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਗਾਉਣ ਲਈ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ।
ਇਸ ਦੁਖਦਾਈ ਘਟਨਾ ਸਬੰਧੀ ਸਪੋਕਸਮੈਨ ਦੇ ਇਸ ਪ੍ਰਤੀਨਿਧੀ ਨਾਲ ਲਾਹੌਰ ਤੋਂ ਗੱਲਬਾਤ ਕਰਦਿਆਂ ਰਾਏ ਖ਼ਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਨਾਲ ਪਾਕਿਸਤਾਨ ਦੇ ਘੱਟ ਗਿਣਤੀ ਭਾਈਚਾਰੇ ਦੇ ਮਨਾਂ ਨੂੰ ਵੱਡੀ ਠੇਸ ਪੁੱਜੀ ਹੈ। ਉਨ੍ਹਾਂ ਇਸ ਘਟਨਾ ਵਿਚ ਮਾਰੇ ਗਏ ਵਿਅਕਤੀਆਂ ਦੇ ਪ੍ਰਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਦੁੱਖ ਦੀ ਘੜੀ ਵਿਚ ਉਨ੍ਹਾਂ ਨਾਲ ਖੜੇ ਹਨ। ਦਸਣਾ ਬਣਦਾ ਹੈ
File Photo
ਕਿ ਇਹ ਸ਼ਰਧਾਲੂ ਪੇਸ਼ਾਵਰ ਦੇ ਨਜ਼ਦੀਕ ਰਹਿਣ ਵਾਲੇ ਸਨ ਜਿਹੜੇ ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਇਕ ਛੋਟੀ ਬੱਸ ਵਿਚ ਵਾਪਸ ਜਾ ਰਹੇ ਸਨ। ਇਸ ਦੌਰਾਨ ਜਦ ਇਹ ਬੱਸ ਸੱਚਾ ਸੌਦਾ ਲੰਘਦੇ ਹੀ ਮਨੁੱਖ ਰਹਿਤ ਫ਼ਾਟਕ ਕਰਾਸ ਕਰਨ ਲੱਗੀ ਤਾਂ ਅਚਾਨਕ ਰੇਲ ਗੱਡੀ ਆ ਗਈ। ਇਸ ਘਟਨਾ ਵਿਚ ਡਰਾਈਵਰ ਸਹਿਤ ਕੁਲ 20 ਸ਼ਰਧਾਲੂ ਮਾਰੇ ਗਏ ਜਿਨ੍ਹਾਂ ਵਿਚ 14 ਮਰਦ ਅਤੇ 6 ਔਰਤਾਂ ਸਨ ਜਦੋਂ ਕਿ ਇਸ ਘਟਨਾ ਵਿਚ ਕੁੱਝ ਸ਼ਰਧਾਲੂ ਅਪਣੀ ਜਾਨ ਬਚਾਉਣ ਵਿਚ ਸਫ਼ਲ ਰਹੇ।