
ਪੰਜਾਬ ਦੇ ਮੁੱਖ ਮੰਤਰੀ ਨੇ ਸ਼ਨਿਚਰਵਾਰ ਨੂੰ ਸੂਬੇ ਵਿਚ ਕੋਵਿਡ ਮਹਾਂਮਾਰੀ ਦੇ ਚਲਦਿਆਂ ਯੂਨੀਵਰਸਟੀ
ਚੰਡੀਗੜ੍ਹ, 4 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਨੇ ਸ਼ਨਿਚਰਵਾਰ ਨੂੰ ਸੂਬੇ ਵਿਚ ਕੋਵਿਡ ਮਹਾਂਮਾਰੀ ਦੇ ਚਲਦਿਆਂ ਯੂਨੀਵਰਸਟੀ ਅਤੇ ਕਾਲਜਾਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਪਰ ਕੁੱਝ ਯੂਨੀਵਰਸਟੀਆਂ ਵਲੋਂ ਆਨਲਾਈਨ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਬੇਰੋਕ ਜਾਰੀ ਰਹਿਣਗੀਆਂ।
ਅਪਣੇ ਹਫ਼ਤਾਵਾਰੀ 'ਕੈਪਟਨ ਨੂੰ ਸਵਾਲ' ਫੇਸਬੁੱਕ ਲਾਈਵ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਯੂਨੀਵਰਸਟੀ ਤੇ ਕਾਲਜਾਂ ਦੇ ਵਿਦਿਆਰਥੀ ਪਿਛਲੇ ਸਾਲ ਦੇ ਨਤੀਜਿਆਂ ਦੇ ਆਧਾਰ 'ਤੇ ਪ੍ਰਮੋਟ ਕਰ ਦਿਤੇ ਜਾਣਗੇ। ਹਾਲਾਂਕਿ ਜਿਹੜੇ ਵਿਦਿਆਰਥੀ ਅਪਣੇ ਪ੍ਰਦਰਸ਼ਨ ਨੂੰ ਹੋਰ ਸੁਧਾਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਬਾਅਦ ਵਿਚ ਨਵੇਂ ਇਮਤਿਹਾਨਾਂ ਰਾਹੀਂ ਮੌਕਾ ਦਿਤਾ ਜਾਵੇਗਾ ਜਦੋਂ ਕੋਵਿਡ ਸੰਕਟ ਦੂਰ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਯੂਨੀਵਰਸਟੀਆਂ ਤੇ ਕਾਲਜਾਂ ਵਲੋਂ ਇਸ ਫ਼ੈਸਲੇ ਨੂੰ ਲਾਗੂ ਕਰਨ ਦੇ ਢੰਗ ਤਰੀਕਿਆਂ ਉਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਕਾਰਨ ਇਸ ਬਾਰੇ ਵਿਸਥਾਰ ਵਿਚ ਫ਼ੈਸਲੇ ਦਾ ਐਲਾਨ ਆਉਂਦੇ ਕੁਝ ਦਿਨਾਂ ਵਿਚ ਕੀਤਾ ਜਾਵੇਗਾ। ਸਕੂਲ ਬੋਰਡ ਪ੍ਰੀਖਿਆਵਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਕੁੱਝ ਦਿਨ ਪਹਿਲਾਂ ਸੁਪਰੀਮ ਕੋਰਟ ਵਿਚ ਸੀ.ਬੀ.ਐਸ.ਈ. ਦੇ ਐਲਾਨੇ ਫ਼ੈਸਲੇ ਨੂੰ ਲਾਗੂ ਕਰੇਗਾ।
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅਪਣੀਆਂ ਪ੍ਰੀਖਿਆਵਾਂ ਰੱਦ ਹੋਣ ਦੇ ਬਾਵਜੂਦ ਅਪਣੀ ਪੜ੍ਹਾਈ ਜ਼ਰੂਰ ਜਾਰੀ ਰੱਖਣ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ, ''ਤੁਸੀਂ ਅਪਣੇ ਸੁਨਹਿਰੀ ਭਵਿੱਖ ਲਈ ਅਪਣੀ ਪੜ੍ਹਾਈ ਜਾਰੀ ਰੱਖੋ।'' ਇਸੇ ਦੌਰਾਨ ਸਾਬਕਾ ਸੈਨਿਕਾਂ ਲਈ ਕੀਤੇ ਵੱਡੇ ਫੈਸਲੇ ਦਾ ਐਲਾਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਸੈਨਿਕ ਉਮੀਦਵਾਰਾਂ ਲਈ ਪੀ.ਸੀ.ਐਸ. ਪ੍ਰੀਖਿਆਵਾਂ ਦੇਣ ਲਈ ਕੋਸ਼ਿਸ਼ਾਂ ਵਿਚ ਵਾਧਾ ਕਰ ਦਿਤਾ ਗਿਆ ਹੈ।
ਮੌਜੂਦਾ ਸਿਸਟਮ ਅਨੁਸਾਰ ਆਮ ਸ਼੍ਰੇਣੀਆਂ ਵਿਚੋਂ ਐਸ.ਸੀ. ਉਮੀਦਵਾਰਾਂ ਨੂੰ ਮਿਲਦੇ ਅਸੀਮਤ ਮੌਕੇ ਜਾਰੀ ਰਹਿਣਗੇ। ਇਸ ਦੇ ਨਾਲ ਹੀ ਜਨਰਲ ਕੈਟੇਗਰੀ ਦੇ ਸਾਬਕਾ ਸੈਨਿਕਾਂ ਨੂੰ ਓਵਰ ਆਲ ਜਨਰਲ ਕੈਟੇਗਰੀ ਵਾਂਗ ਛੇ ਮੌਕੇ ਮਿਲਣਗੇ ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਚਾਰ ਮੌਕੇ ਮਿਲਦੇ ਸਨ। ਬੀ.ਸੀ. ਕੈਟੇਗਰੀ ਦੇ ਸਾਬਕਾ ਸੈਨਿਕਾਂ ਦੀਆਂ ਕੋਸ਼ਿਸ਼ਾਂ ਵੀ ਵਧਾ ਕੇ 9 ਕਰ ਦਿਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੀ.ਸੀ.ਐਸ ਬਣਨ ਦੇ ਇਛੁੱਕ ਸਾਬਕਾ ਸੈਨਿਕਾਂ ਵਲੋਂ ਉਨ੍ਹਾਂ ਕੋਲ ਕਈ ਬੇਨਤੀਆਂ ਕੀਤੀਆ ਗਈਆਂ ਸਨ ਕਿ ਆਮ ਜਨਰਲ ਵਰਗ ਜਿੰਨੇ ਮੌਕੇ ਉਨ੍ਹਾਂ ਨੂੰ ਵੀ ਦਿਤੇ ਜਾਣ।