
ਪਹਿਲੀ ਕੈਬਨਿਟ ਮੀਟਿੰਗ ਵਿਚ ਬਿਜਲੀ ਸਮਝੌਤੇ ਰੱਦ ਕਰਨ ਦਾ ਐਲਾਨਕਰਨ ਵਾਲੇ ਕੈਪਟਨ ਅਜੇਵੀ ਸਮਝੌਤਿਆਂ ਦੇ
ਰੀਵਿਊ ਦੀ ਕਿਉਂ ਕਰ ਰਹੇ ਹਨ ਗੱਲ? : 'ਆਪ'
ਚੰਡੀਗੜ੍ਹ, 4 ਜੁਲਾਈ (ਸੁਰਜੀਤ ਸਿੰਘ ਸੱਤੀ) : ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਬਿਜਲੀ ਕਿੱਲਤ ਕਾਰਨ ਆ ਰਹੀਆਂ ਮੁਸ਼ਕਲਾਂ ਦੱਸਣ ਲਈ ਸਿਸਵਾਂ ਵਿਖੇ ਪ੍ਰਦਰਸਨ ਉਪਰੰਤ ਕੈਪਟਨ ਅਮਰਿੰਦਰ ਸਿੰਘ ਹਰਕਤ 'ਚ ਆਏ ਹਨ |
ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਇਨ੍ਹਾਂ ਸਮਝੌਤਿਆਂ ਉਤੇ ਹੋਰ ਦੇਰੀ ਕੀਤੇ ਬਿਨਾਂ ਇਨ੍ਹਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਇਨ੍ਹਾਂ ਬਿਜਲੀ ਸਮਝੌਤਿਆਂ ਨੂੰ ਬਿਜਲੀ ਦੀ ਘਾਟ ਲਈ ਸਭ ਤੋਂ ਵੱਡਾ ਕਾਰਨ ਦੱਸ ਰਹੇ ਹਨ ਜਦਕਿ ਸਰਕਾਰ ਬਣਨ ਤੋਂ ਬਾਅਦ ਹੁਣ ਤਕ ਉਹ ਇਸ ਉੱਤੇ ਚੁੱਪੀ ਵੱਟ ਕੇ ਬਾਦਲਾਂ ਨੂੰ ਬਚਾਉਣ ਦਾ ਯਤਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਇਨ੍ਹਾਂ ਬਿਜਲੀ ਸਮਝੌਤਿਆਂ ਨੂੰ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਵਿਚ ਰੱਦ ਕਰਨ ਦਾ ਦਾਅਵਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਕੈਬਨਿਟ ਦੀ ਆਖਰੀ ਮੀਟਿੰਗ ਵਿੱਚ ਵੀ ਇਸ ਉੱਤੇ ਵਿਚਾਰ ਕਰਨ ਦਾ ਢੌਂਗ ਕਰ ਰਹੇ ਹਨ | ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਪਸ਼ਟ ਕਰਨ ਕਿ ਜੇਕਰ ਉਹ ਮੰਨਦੇ ਹਨ ਕਿ ਇਹ ਬਿਜਲੀ ਸਮਝੌਤੇ ਸੰਪੂਰਨ ਤੌਰ ਤੇ ਗਲਤ ਸਨ ਅਤੇ ਬਾਦਲਾਂ ਵੱਲੋਂ ਗਲਤ ਨੀਅਤ ਨਾਲ ਕੀਤੇ ਗਏ ਸਨ ਤਾਂ ਉਹ ਹੁਣ ਤੱਕ ਬਾਦਲਾਂ ਨੂੰ ਕਿਉਂ ਬਚਾ ਰਹੇ ਸਨ | ਉਨ੍ਹਾਂ ਕਿਹਾ ਕਿ ਅਸਲ ਵਿੱਚ ਬਾਦਲ ਕੈਪਟਨ ਪਰਿਵਾਰ ਮਿਲੇ ਹੋਏ ਹਨ ਅਤੇ ਮਿਲ ਕੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ | ਉਨ੍ਹਾਂ ਪੁਛਿਆ ਕਿ ਇਨ੍ਹਾਂ ਗਲਤ ਸਮਝੌਤਿਆਂ ਦੀ ਵਜ੍ਹਾ ਨਾਲ ਪੰਜਾਬ ਦੇ ਹੋਏ 20000 ਕਰੋੜ ਰੁਪਏ ਦੀ ਭਰਪਾਈ ਕੌਣ ਕਰੇਗਾ?
ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਪੁੱਛਦਿਆਂ ਮਾਨ ਨੇ ਕਿਹਾ ਕਿ ਇਨ੍ਹਾਂ ਗ਼ਲਤ ਸਮਝੌਤਿਆਂ ਦੀ ਵਜ੍ਹਾ ਨਾਲ ਬਿਜਲੀ ਦੀ ਕਿੱਲਤ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ, ਬੰਦ ਹੋਏ ਉਦਯੋਗਾਂ ਅਤੇ ਆਮ ਲੋਕਾਂ ਨੂੰ ਆਈ ਦਿੱਕਤ ਲਈ ਕੌਣ ਜਿੰਮੇਵਾਰ ਹੋਵੇਗਾ?
ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਕੀਤਾ ਗਿਆ ਐਲਾਨ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਸਾਖ ਬਚਾਉਣ ਦਾ ਇੱਕ ਯਤਨ ਮਾਤਰ ਹੈ ਜਿਸ ਨੂੰ ਪੰਜਾਬ ਦੇ ਲੋਕ ਭਲੀਭਾਂਤੀ ਜਾਣਦੇ ਹਨ | ਬਿਜਲੀ ਦੇ ਮੁੱਦੇ ਤੇ ਕਿਸਾਨ ਯੂਨੀਅਨ ਵੱਲੋਂ 6 ਜੁਲਾਈ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਘਿਰਾਓ ਦੇ ਦਿੱਤੇ ਪ੍ਰੋਗਰਾਮ ਦਾ ਵੀ ਆਮ ਆਦਮੀ ਪਾਰਟੀ ਨੇ ਸਮਰਥਨ ਕੀਤਾ ਹੈ |