
ਕਿਸਾਨਾਂ ਨੂੰ ਘੱਟੋ-ਘੱਟ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ : ਏ. ਵੇਨੂੰ ਪ੍ਰਸਾਦ
ਉਦਯੋਗ ਵੀ 30 ਫ਼ੀ ਸਦੀ ਤਕ ਕੰਮ ਚਾਲੂ ਕਰ ਸਕਦੇ ਹਨ
ਚੰਡੀਗੜ੍ਹ, 4 ਜੁਲਾਈ (ਸੱਤੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (ਪੀ.ਐਸ.ਪੀ.ਸੀ.ਐਲ.) ਵਲੋਂ ਝੋਨੇ ਦੀ ਬਿਜਾਈ ਲਈ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ | ਘਰੇਲੂ ਬਿਜਲੀ ਸਪਲਾਈ ਵਿਚ ਭਾਰੀ ਮੰਗ ਦੇ ਬਾਵਜੂਦ ਕਿਸਾਨਾਂ ਨੂੰ 8 ਘੰਟੇ ਬਿਜਲੀ ਦਿਤੀ ਜਾ ਰਹੀ ਹੈ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਐਸ.ਪੀ.ਸੀ.ਐਲ. ਦੇ ਚੀਫ਼ ਮੈਨੇਜਿੰਗ ਡਾਇਰੈਕਟਰ (ਸੀ.ਐਮ.ਡੀ.) ਏ. ਵੇਨੂੰ ਪ੍ਰਸਾਦ ਨੇ ਦਸਿਆ ਕਿ ਮੌਜੂਦਾ ਸਮੇਂ ਚਲ ਰਹੀ ਝੋਨੇ ਦੀ ਬਿਜਾਈ ਦੇ ਮੱਦੇਨਜ਼ਰ ਖੇਤੀਬਾੜੀ ਖੇਤਰ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਵਿਭਾਗ ਵਲੋਂ ਤਰਜੀਹੀ ਤੌਰ 'ਤੇ ਰਾਜ ਭਰ ਦੇ ਕਿਸਾਨਾਂ ਨੂੰ ਘੱਟੋ-ਘੱਟ ਅੱਠ ਘੰਟੇ ਬਿਜਲੀ ਸਪਲਾਈ ਦਿਤੀ ਜਾ ਰਹੀ ਹੈ | ਖੇਤੀ ਕਾਰਜਾਂ ਲਈ ਦਿਤੀ ਜਾ ਰਹੀ ਬਿਜਲੀ ਸਪਲਾਈ ਸਬੰਧੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਸੀ.ਐਮ.ਡੀ. ਨੇ ਦਸਿਆ ਕਿ ਸਰਹੱਦੀ ਜ਼ੋਨ ਗੁਰਦਾਸਪੁਰ, ਸਬ-ਅੰਮਿ੍ਤਸਰ ਅਤੇ ਤਰਨ ਤਾਰਨ ਨੂੰ ਸਨਿਚਰਵਾਰ ਵਾਲੇ ਦਿਨ ਔਸਤਨ 12.4 ਘੰਟੇ ਸਪਲਾਈ ਜਦਕਿ ਉਤਰੀ ਜ਼ੋਨ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲਿ੍ਹਆਂ ਨੂੰ ਇਸੇ ਦਿਨ ਔਸਤਨ 10.3 ਘੰਟੇ ਬਿਜਲੀ ਸਪਲਾਈ ਪ੍ਰਾਪਤ ਹੋਈ | ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਇਸੇ ਤਰ੍ਹਾਂ ਦਖਣੀ ਜ਼ੋਨ ਵਿਚ ਪੈਂਦੇ ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਅਤੇ ਮੁਹਾਲੀ ਜ਼ਿਲਿ੍ਹਆਂ ਨੂੰ ਇਸੇ ਸਮੇਂ ਦੌਰਾਨ ਨੂੰ ਔਸਤਨ 9.6 ਘੰਟੇ ਬਿਜਲੀ ਸਪਲਾਈ ਮਿਲੀ |
ਬਠਿੰਡਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਿਰੋਜ਼ਪੁਰ ਦੇ ਇਲਾਕਿਆਂ ਨੂੰ ਇਸੇ ਦਿਨ ਔਸਤਨ 8.9 ਘੰਟੇ ਬਿਜਲੀ ਸਪਲਾਈ ਪ੍ਰਾਪਤ ਹੋਈ | ਇਸ ਤਰ੍ਹਾਂ ਇਸੇ ਸੈਕਟਰ ਨੂੰ ਇਸੇ ਦਿਨ ਔਸਤਨ ਕੁਲ 9.8 ਘੰਟੇ ਬਿਜਲੀ ਸਪਲਾਈ ਦਿਤੀ ਗਈ | ਤਾਜ਼ਾ ਜਾਣਕਾਰੀ ਅਨੁਸਾਰ, ਉਦਯੋਗਾਂ ਨੂੰ ਵੀ 30 ਫ਼ੀ ਸਦੀ ਤਕ ਕੰਮ ਕਰਨ ਦੀ ਖੁਲ੍ਹ ਦੇ ਦਿਤੀ ਗਈ ਹੈ |