
ਭਲਕੇ ਸਪੀਕਰ ਸਾਹਮਣੇ ਹੋਣਗੇ ਪੇਸ਼
ਚੰਡੀਗੜ੍ਹ, 4 ਜੁਲਾਈ (ਜੀ.ਸੀ.ਭਾਰਦਵਾਜ): ਸਾਢੇ 4 ਸਾਲ ਪਹਿਲਾਂ 20 ਵਿਧਾਇਕਾਂ ਵਾਲੀ ਵਿਰੋਧੀ 'ਆਪ' ਗੱਜ ਵੱਜ ਕੇ ਪੰਜਾਬ ਵਿਧਾਨ ਸਭਾ ਵਿਚ ਪਹਿਲੀ ਵਾਰ ਇਸ ਸਰਹੱਦੀ ਸੂਬੇ ਵਿਚ ਵੱਡੀ ਅਦਲਾ ਬਦਲੀ, ਸਰਕਾਰੀਤੰਤਰ ਵਿਚ ਸੁਧਾਰ ਅਤੇ ਸਿਆਸੀ ਨੈਤਿਕਤਾ ਦਾ ਪਾਠ ਪੜ੍ਹਾਉਣ ਲਈ ਉਤਰੀ ਸੀ ਪਰ ਪਹਿਲੇ ਸਾਲ ਹੀ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਧਿਰ ਦੇ ਨੇਤਾ ਹਰਵਿੰਦਰ ਸਿੰਘ ਫੂਲਕਾ ਨੂੰ ਲਾਂਭੇ ਕਰ ਦਿਤਾ | ਅਗਲੇ ਸਾਲ ਬੜਬੋਲੇ, ਕਾਂਗਰਸ ਵਿਚੋਂ ਆਏ ਸੁਖਪਾਲ ਖਹਿਰਾ ਨੂੰ ਮੱਖਣ ਵਿਚੋਂ ਵਾਲ ਵਾਂਗ ਕੱਢ ਕੇ ਸੁੱਟ ਦਿਤਾ |
ਗੁੱਸੇ ਵਿਚ ਆਏ ਭੁਲੱਥ ਤੋਂ ਇਸ ਵਿਧਾਇਕ ਨੇ ਜਨਵਰੀ 2019 ਵਿਚ ਵਖਰੀ ਪਾਰਟੀ 'ਪੰਜਾਬ ਏਕਤਾ ਪਾਰਟੀ' ਬਣਾਈ, ਮਈ ਮਹੀਨੇ ਲੋਕ ਸਭਾ ਚੋਣ ਬਠਿੰਡਾ ਸੀਟ ਤੋਂ ਲੜੀ, ਹਾਰ ਗਏ ਪਰ ਫਿਰ ਵੀ 'ਆਪ' ਵਿਚ ਰਹੇ, ਕਈ ਵਾਰ ਅਸਤੀਫ਼ਾ ਦਿਤਾ ਫਿਰ ਵਾਪਸ ਲਿਆ | ਪਿਛਲੇ ਕਈ ਮਹੀਨਿਆਂ ਤੋਂ ਬਤੌਰ 'ਆਪ' ਵਿਧਾਇਕ, ਤਨਖ਼ਾਹ ਭੱਤੇ ਹੋਰ ਸਹੂਲਤਾਂ ਲਈ ਜਾ ਰਹੇ ਹਨ | ਇਵੇਂ ਹੀ ਜੈਤੋ ਹਲਕੇ ਤੋਂ ਵਿਧਾਇਕ ਬਲਦੇਵ ਸਿੰਘ ਨੇ ਪੰਜਾਬ ਏਕਤਾ ਪਾਰਟੀ ਦੇ ਟਿਕਟ 'ਤੇ ਰਿਜ਼ਰਵ ਲੋਕ ਸਭਾ ਸੀਟ ਫ਼ਰੀਦਕੋਟ ਤੋਂ ਚੋਣ ਲੜੀ, ਹਾਰ ਗਏ ਪਰ ਅੱਜ ਤਕ ਬਤੌਰ 'ਆਪ' ਵਿਧਾਇਕ, ਤਨਖ਼ਾਹ, ਭੱਤੇ ਡੀ.ਏ ਲੱਖਾਂ ਵਿਚ ਲਈ ਜਾ ਰਹੇ ਹਨ | ਸ. ਖਹਿਰਾ ਤੇ ਬਲਦੇਵ ਜੈਤੋ ਵਿਰੁਧ, ਸਪੀਕਰ ਕੋਲ ਪਟੀਸ਼ਨਾਂ ਪੈਂਡਿੰਗ ਪਈਆਂ ਹਨ | ਇਸ ਅਯੋਗਤਾ ਕਰਾਰ ਦੇਣ ਵਾਲੇ ਕੇਸ ਦੀ ਸੁਣਵਾਈ ਲਈ ਰਾਣਾ ਕੇ.ਪੀ. ਸਿੰਘ ਨੇ ਪੇਸ਼ੀ ਵਾਸਤੇ ਪਿਛਲੇ ਢਾਈ ਸਾਲਾਂ ਵਿਚ 5-6 ਵਾਰ ਪੇਸ਼ੀ ਲਈ ਤਰੀਕਾਂ ਪਾਈਆਂ ਜਾ ਰਹੀਆਂ ਹਨ |
ਹੁਣ ਇਨ੍ਹਾਂ ਦੋਵਾਂ ਵਿਧਾਇਕਾਂ ਖਹਿਰਾ ਤੇ ਬਲਦੇਵ ਜੈਤੋ ਨੂੰ ਪੇਸ਼ੀ ਭੁਗਤਣ ਲਈ 6 ਜੁਲਾਈ ਦੀ ਤਰੀਕ ਤੈਅ ਕੀਤੀ ਹੈ | ਰੋਪੜ ਤੋਂ 'ਆਪ' ਵਿਧਾਇਕ ਅਮਰਜੀਤ ਸੰਦੋਆ ਅਤੇ ਮਾਨਸਾ ਤੋਂ ਨਾਜਰ ਸਿੰਘ ਮਾਨਸਾਹੀਆ ਅਪ੍ਰੈਲ 2019 ਵਿਚ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਜਾ ਕੇ ਸੱਤਾਧਾਰੀ ਕਾਂਗਰਸ ਵਿਚ ਸ਼ਮੂਲੀਅਤ ਕਰ ਚੁੱਕੇ ਹਨ ਅਤੇ ਸਵਾ 2 ਸਾਲ ਤੋਂ ਅਯੋਗਤਾ ਵਾਲਾ ਕੇਸ ਭੁਗਤ ਰਹੇ ਹਨ | ਇਨ੍ਹਾਂ ਨੂੰ ਵੀ 6 ਜੁਲਾਈ ਨੂੰ ਪੇਸ਼ ਹੋਣ ਦੇ ਸੰਮਨ ਜਾਰੀ ਹੋਏ ਹਨ | ਪਿਛਲੇ ਮਹੀਨੇ 3 ਜੂਨ ਤੋਂ ਸੁਖਪਾਲ ਖਹਿਰਾ, ਮੌੜ ਹਲਕੇ ਤੋਂ ਜਗਦੇਵ ਕਮਾਲੂ, ਭਦੌੜ ਤੋਂ ਪਿਰਮਲ ਸਿੰਘ ਨੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਹੈਲੀਪੈਡ 'ਤੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਮਿੰਟ ਭਰ ਮੁਲਾਕਾਤ ਕਰ ਕੇ ਕਾਂਗਰਸ ਵਿਚ ਸ਼ਮੂਲੀਅਤ ਦਾ ਐਲਾਨ ਕਰਵਾਇਆ | ਬਾਅਦ ਵਿਚਇਹ ਤਿੰਨੋਂ ਵਿਧਾਇਕ ਰਾਹੁਲ ਗਾਂਧੀ ਨੂੰ ਮਿਲੇ ਅਤੇ ਲਿਖਤੀ ਅਸਤੀਫ਼ੇ ਵਿਧਾਨ ਸਭਾ ਸਪੀਕਰ ਨੂੰ ਪਿਛਲੀ ਤਰੀਕ 2 ਜੂਨ ਪਾ ਕੇ ਦਿਤੇ |
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦਸਿਆ ਕਿ ਅਸਤੀਫ਼ਾ ਪੱਤਰਾਂ ਵਿਚ ਸਪਸ਼ਟ ਨਹੀਂ ਹੈ ਕਿ 'ਆਪ' ਪਾਰਟੀ ਛੱਡੀ ਹੈ ਜਾਂ ਵਿਧਾਇਕ ਨੇ ਮੈਂਬਰਸ਼ਿਪ ਛੱਡੀ ਹੈ, ਇਸ ਬਾਰੇ ਸਪੱਸ਼ਟਤਾ ਲੈਣੀ ਜ਼ਰੂਰੀ ਹੈ | ਇਨ੍ਹਾਂ 3 ਵਿਧਾਇਕਾਂ ਨੂੰ ਵੀ 6 ਜੁਲਾਈ ਪਰਸੋਂ ਪੇਸ਼ ਹੋਣ ਲਈ ਲਿਖਤੀ ਸੁਨੇਹਾ ਭੇਜਿਆ ਹੈ | ਜ਼ਿਕਰਯੋਗ ਹੈ ਕਿ ਆਪ ਦੇ ਵਿਧਾਇਕਾਂ ਦੀ ਗਿਣਤੀ 3 ਸਾਲ ਪਹਿਲਾਂ ਸ. ਫੂਲਕਾ ਦੇ ਜਾਣ ਮਗਰੋਂ 20 ਤੋਂ ਘੱਟ ਕੇ 19 ਰਹਿ ਗਈ ਸੀ, ਹੁਣ ਇਨ੍ਹਾਂ 6 ਦੇ ਛੱਡਣ ਉਪਰੰਤ 13 ਰਹਿ ਜਾਣੀ ਹੈ ਜਦੋਂ ਕਿ ਚੋਣਾਂ ਤਕ ਹੋਰ ਉਥਲ ਪੁਥਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ |
ਫ਼ੋਟੋ: ਖਹਿਰਾ, ਬਲਦੇਵ ਜੈਤੋ, ਅਮਰਜੀਤ ਸੰਦੋਆ, ਨਾਜਰ ਸਿੰਘ ਮਾਨਸਾਹੀਆ, ਜਗਦੇਵ ਕਮਾਲੂ, ਪਿਰਮਲ ਸਿੰਘ