
ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਪੁਸ਼ਕਰ ਧਾਮੀ ਨੇ ਚੁੱਕੀ ਸਹੁੰ
ਦੇਹਰਾਦੂਨ, 4 ਜੁਲਾਈ : ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਪੁਸ਼ਕਰ ਸਿੰਘ ਧਾਮੀ ਨੇ ਐਤਵਾਰ ਨੂੰ ਸਹੁੰ ਚੁੱਕੀ | ਦੇਹਰਾਦੂਨ ਸਥਿਤ ਰਾਜਭਵਨ ਵਿਚ ਧਾਮੀ ਨੂੰ ਰਾਜਪਾਲ ਬੇਬੀ ਰਾਨੀ ਮੌਰਈਆ ਨੇ ਉਨ੍ਹਾਂ ਨੂੰ ਸਹੁੰ ਚੁਕਾਈ | ਸਹੁੰ ਚੁੱਕ ਸਮਾਗਮ 'ਚ ਧਾਮੀ ਦੇ ਇਲਾਵਾ 11 ਮੰਤਰੀਆਂ ਨੇ ਵੀ ਸਹੁੰ ਚੁੱਕੀ |
ਮੰਤਰੀ ਮੰਡਲ 'ਚ ਸਾਰੇ ਪੁਰਾਣੇ ਮੰਤਰੀਆਂ ਨੂੰ ਬਰਕਰਾਰ ਰਖਿਆ ਗਿਆ ਹੈ ਅਤੇ ਇਕ ਤਬਦੀਲੀ ਸਿਰਫ਼ ਇਹ ਕੀਤੀ ਗਈ ਹੈ ਕਿ ਸਾਰਿਆਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿਤਾ ਗਿਆ ਹੈ | ਧਾਮੀ ਮੰਤਰੀਮੰਡਲ 'ਚ ਕਿਸੇ ਵੀ ਰਾਜ ਦੇ ਮੰਤਰੀ ਨਹੀਂ ਹਨ |
ਊਧਮ ਸਿੰਘ ਨਗਰ ਜ਼ਿਲ੍ਹੇ ਦੇ ਖਟੀਮਾ ਤੋਂ ਦੋ ਵਾਰ ਵਿਧਾਇਕ 45 ਸਾਲਾ ਪੁਸ਼ਕਰ ਧਾਮੀ ਉੱਤਰਾਖੰਡ ਦੇ ਹੁਣ ਤਕ ਦੇ ਸੱਭ ਤੋਂ ਯੁਵਾ ਮੁੱਖ ਮੰਤਰੀ ਬਣੇ ਹਨ | ਉਹ ਰਾਵਤ ਦੀ ਥਾਂ ਲੈਣਗੇ, ਜਿਨ੍ਹਾਂ ਨੇ 4 ਮਹੀਨੇ ਤੋਂ ਵੀ ਘੱਟ ਸਮੇਂ ਦੇ ਅਪਣੇ ਕਾਰਜਕਾਲ ਤੋਂ ਬਾਅਦ ਪ੍ਰਦੇਸ਼ ਵਿਚ ਸੰਵਿਧਾਨਕ ਸੰਕਟ ਦਾ ਹਵਾਲਾ ਦਿੰਦੇ ਹੋਏ ਸ਼ੁਕਰਵਾਰ ਦੇਰ ਰਾਤ ਅਸਤੀਫ਼ਾ ਦੇ ਦਿਤਾ ਸੀ | ਤੀਰਥ ਸਿੰਘ ਰਾਵਤ ਦੇ ਅਸਤੀਫ਼ੇ ਤੋਂ ਬਾਅਦ ਉੱਤਰਾਖੰਡ ਵਿਚ ਜਾਰੀ ਸਿਆਸੀ ਘਮਾਸਾਨ ਤੋਂ ਬਾਅਦ ਭਾਜਪਾ ਵਲੋਂ ਧਾਮੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ | (ਏਜੰਸੀ)