
ਮਿੰਟਾਂ 'ਚ ਹੱਸਦਾ ਵੱਸਦਾ ਪਰਿਵਾਰ ਹੋਇਆ ਤਬਾਹ
ਸੰਗਰੂਰ: ਸੰਗਰੂਰ ਦੀ ਸ਼ਿਵਮ ਕਲੋਨੀ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਘਰ ਵਿੱਚ ਪਿਓ ਤੇ ਪੁੱਤ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਹੇਮਰਾਜ ਸਿੰਘ ਵਾਸੀ ਸ਼ਿਵਮ ਕਾਲੋਨੀ ਨੇ ਘਰ 'ਚ ਵੱਛਾ ਰੱਖਿਆ ਹੋਈਆ ਹੈ। ਨਹਾਉਣ ਲੱਗੇ ਮੋਟਰ 'ਚ ਕਰੰਟ ਹੋਣ ਕਾਰਨ ਵੱਛਾ ਉਸ ਦੀ ਲਪੇਟ ਵਿਚ ਆ ਗਿਆ।
PHOTO
ਵੱਛੇ ਨੂੰ ਕਰੰਟ ਲੱਗਣ ਤੋਂ ਬਚਾਉਣ ਲਈ ਹੇਮਰਾਜ ਸਿੰਘ ਦਾ ਮੁੰਡਾ ਉਸ ਕੋਲ ਗਿਆ ਪਰ ਉਹ ਵੀ ਕਰੰਟ ਦੀ ਲਪੇਟ ਵਿਚ ਆ ਗਿਆ। ਇਸੇ ਦੌਰਾਨ ਦੇਖਦਿਆਂ ਸਾਰ ਹੀ ਜਦੋਂ ਹੇਮਰਾਜ ਸਿੰਘ ਆਪਣੇ ਮੁੰਡੇ ਨੂੰ ਬਚਾਉਣ ਗਿਆ ਤਾਂ ਉਹ ਖ਼ੁਦ ਨੂੰ ਕਰੰਟ ਲੱਗਣ ਤੋਂ ਨਹੀਂ ਬਚਾ ਸਕਿਆ। ਇਸ ਦੇ ਨਾਲ ਹੀ ਦੋਵੇਂ ਪਿਓ-ਪੁੱਤ ਦੀ ਕਰੰਟ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਹੇਮਰਾਜ ਪੰਜਾਬ ਪੁਲਿਸ ਵਿੱਚ ਮੌਜੂਦਾ ਐਸਐਚਓ ਸੀ। ਹੈਰਾਨ ਕਰਨ ਵਾਲੀ ਘਟਨਾ ਨਾਲ ਕੁਝ ਹੀ ਮਿੰਟਾਂ 'ਚ ਹੱਸਦਾ ਖੇਡਦਾ ਪਰਿਵਾਰ ਉੱਜੜ ਗਿਆ।
Death
ਹੇਮਰਾਜ ਦੇ ਗੁਆਂਢੀ ਜਸਵਿੰਦਰ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਨੇ ਆਪਣੇ ਲੜਕੇ ਅਤੇ ਪਤੀ ਨੂੰ ਕਰੰਟ ਦੀ ਲਪੇਟ 'ਚ ਦੇਖਿਆ ਤਾਂ ਉਸ ਨੇ ਆਸਪਾਸ ਦੇ ਲੋਕਾਂ ਨੂੰ ਬੁਲਾਇਆ ਪਰ ਜਦੋਂ ਤੱਕ ਅਸੀਂ ਉੱਥੇ ਪਹੁੰਚੇ ਤਾਂ ਕਾਫੀ ਸਮਾਂ ਹੋ ਚੁੱਕਾ ਸੀ, ਅਸੀਂ ਤਾਰਾਂ ਕੱਟ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਉੱਥੇ ਜਾ ਕੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੁਝ ਸਮਾਂ ਪਹਿਲਾਂ ਇੱਕ ਧੀ ਨੂੰ ਕੈਨੇਡਾ ਭੇਜਿਆ ਗਿਆ ਸੀ ਅਤੇ ਧੀ ਦਾ ਵਿਆਹ ਹੋ ਗਿਆ ਸੀ, ਹੁਣ ਉਹ ਘਰ ਵਿੱਚ ਆਪਣੀ ਪਤਨੀ ਤੇ ਬੇਟੇ ਨਾਲ ਰਹਿ ਰਿਹਾ ਸੀ।