ਕੈਬਨਿਟ ਸਬ ਕਮੇਟੀ ਨਾਲ ਤੀਜੀ ਮੀਟਿੰਗ ਵਿਚ ਵੀ ਹਾਲੇ ਕਿਸੇ ਫ਼ੈਸਲੇ ’ਤੇ ਨਹੀਂ ਹੋਈ ਸਹਿਮਤੀ
ਚੰਡੀਗੜ੍ਹ, 4 ਅਗੱਸਤ (ਗੁਰਉਪਦੇਸ਼ ਭੁੱਲਰ) : 6ਵੇਂ ਪੇ ਕਮਿਸ਼ਨ ਦੀਆਂ ਜੁੜੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫ਼ਰੰਅ ਨਾਲ ਕੈਬਨਿਟ ਸਬ ਕਮੇਟੀ ਦੀ ਤੀਜੀ ਵਾਰ ਹੋਈ ਮੀਟਿੰਗ ਵਿਚ ਵੀ ਕਿਸੇ ਫ਼ੈਸਲੇ ’ਤੇ ਫ਼ਿਲਹਾਲ ਸਹਿਮਤੀ ਨਹੀਂ ਬਣ ਸਕੀ। ਅੱਜ ਫ਼ਰੰਟ ਨਾਲ ਮੀਟਿੰਗ ਤੋਂ ਪਹਿਲਾਂ ਕੈਬਨਿਟ ਸਬ ਕਮੇਟੀ ਦੀ ਵਖਰੀ ਮੀਟਿੰਗ ਹੋਈ। ਇਸ ਵਿਚ ਕਮੇਟੀ ਦੇ ਚੇਅਰਮੈਨ ਬ੍ਰਹਮ ਮਹਿੰਦਰਾ ਦੇ ਨਾਲ ਬਾਕੀ ਚਾਰੇ ਮੈਂਬਰ ਮਨਪ੍ਰੀਤ ਸਿੰੰਘ ਬਾਦਲ, ਬਲਬੀਰ ਸਿੰਘ ਸਿੱਧੂ, ਓ.ਪੀ. ਸੋਨੀ ਅਤੇ ਸਾਧੂ ਸਿੰਘ ਧਰਮਸੋਤ ਵੀ ਸ਼ਾਮਲ ਸਨ।
ਮੁੱਖ ਸਕੱਤਰ ਤੇ ਹੋਰ ਉਚ ਅਧਿਕਾਰੀ ਵੀ ਮੌਜੂਦ ਰਹੇ ਅਤੇ ਮੁਲਾਜ਼ਮਾਂ ਮੰਗਾਂ ਮੰਨੇ ਜਾਣ ਦੀਆਂ ਸੰਭਾਵਨਾਵਾਂ ਤੇ ਚਰਚਾ ਕੀਤੀ ਗਈ। ਇਸ ਤੋਂ ਬਾਅਦ ਮੁਲਾਜ਼ਮ ਤੇ ਪੈਨਸ਼ਨਕਰ ਆਗੂਆਂ ਨਾਲ ਮੀਟਿੰਗ ਦੇਰ ਸ਼ਾਮ ਹੋਈ। ਇਸ ਮੀਟਿੰਗ ਵਿਚ ਸਰਕਾਰ ਨੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਵਿਚ ਘੱਟੋ ਘੱਟ 15 ਫ਼ੀ ਸਦੀ ਵਾਧੇ ਦੀ ਗਰੰਟੀ ਕਰਨ ਦਾ ਭਰੋਸਾ ਦਿਤਾ ਹੈ ਪਰ ਮੁਲਾਜ਼ਮ ਆਗੂ ਇਸ ’ਤੇ ਸੰਤੁਸ਼ਟ ਨਹੀਂ ਅਤੇ ਉਹ ਘੱਟੋ ਘੱਟ 20 ਫ਼ੀ ਸਦੀ ਵਾਧਾ ਚਾਹੁੰਦੇ ਹਨ ਅਤੇ 2.74 ਗੁਣਾਂਕ ਦੇ ਫ਼ਾਰਮੂਲੇ ਅਨੁਸਾਰ ਤਨਖ਼ਾਹਾਂ ਵਿਚ ਸੋਧਾਂ ਲਈ ਅੜੇ ਹੋਏ ਹਨ। ਪਰ ਮੁਲਾਜ਼ਮ ਆਗੂਆਂ ਨੇ 15 ਫ਼ੀ ਸਦੀ ਵਾਧੇ ਦੀ ਪੇਸ਼ਕਸ਼ ’ਤੇ ਵਿਚਾਰ ਲਈ ਸਾਰੇ ਮੁਲਾਜ਼ਮ ਸੰਗਠਨਾਂ ਦੀ 7 ਅਗੱਸਤ ਨੂੰ ਲੁਧਿਆਣਾ ਵਿਚ ਬੈਠਕ ਸੱਦੀ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਮਾਮਲੇ ਨੂੰ ਲੈ ਕੇ ਬਣਾਏ ਜਾ ਰਹੇ ਐਕਟ ਦੀਆਂ ਸ਼ਰਤਾਂ ਕਾਰਨ ਇਹ ਮਾਮਲਾ ਵੀ ਹਾਲੇ ਉਲਝਿਆ ਹੋਇਆ ਹੈ। ਅੱਜ ਕੈਬਨਿਟ ਸਬ ਕਮੇਟੀ ਨੇ ਮੁਲਾਜ਼ਮਾਂ ਨੂੰ ਹੜਤਾਲ ਦਾ ਪ੍ਰੋਗਰਾਮ ਵਾਪਸ ਲੈਣ ਦੀ ਅਪੀਲ ਕੀਤੀ ਹੈ। ਪਰ ਮੁਲਾਜ਼ਮਾਂ ਨੇ ਫ਼ਿਲਹਾਲ ਅਪਣੇ ਸੰਘਰਸ਼ ਦੇ ਪ੍ਰੋਗਰਾਮ ਨੂੰ ਬਰਕਰਾਰ ਰੱਖਿਆ ਹੈ।