-ਸਤੰਬਰ 2021 'ਚ ਯੋਜਨਾ ਦੇ ਐਲਾਨ ਤੋਂ ਬਾਅਦ ਇਸ ਨੂੰ ਹਕੀਕਤ ਬਣਾਉਣ ਲਈ ਨਹੀਂ ਚੱਕਿਆ ਗਿਆ ਕੋਈ ਠੋਸ ਕਦਮ: ਰਾਘਵ ਚੱਢਾ
-ਕਿਹਾ, ਕੇਂਦਰ ਸਰਕਾਰ ਸੰਗਤ ਨੂੰ ਦੱਸੇ ਇਸ ਪ੍ਰੋਜੈਕਟ ਦੇ ਪੂਰੇ ਹੋਣ ਦੀ ਮਿਤੀ
ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਕੇਂਦਰ ਸਰਕਾਰ ਦੀ ਨੀਅਤ 'ਤੇ ਸਵਾਲ ਉਠਾਉਂਦਿਆਂ ਕੇਂਦਰੀ ਰੇਲਵੇ ਮੰਤਰੀ ਨੂੰ ਸਵਾਲ ਕੀਤਾ ਕਿ ਇੱਕ ਸਾਲ ਪਹਿਲਾਂ ਐਲਾਨ ਹੋ ਚੁੱਕਿਆ 'ਗੁਰਦੁਆਰਾ ਸਰਕਟ ਟ੍ਰੇਨ' ਪ੍ਰੋਜੈਕਟ ਹਲੇ ਤੱਕ ਸ਼ੁਰੂ ਕਿਉਂ ਨਹੀਂ ਹੋਇਆ। ਉਹਨਾਂ ਕਿਹਾ ਕਿ ਸਿੱਖ ਸ਼ਰਧਾਲੂਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਾਉਣ ਵਾਲੀ ਟ੍ਰੇਨ ਅਜੇ ਵੀ ਹਕੀਕਤ ਨਹੀਂ ਬਣੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ਵਿੱਚ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੇਸ਼ ਵਿੱਚ ਇੱਕ 'ਗੁਰਦੁਆਰਾ ਸਰਕਟ ਟ੍ਰੇਨ' ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਜਿਸ ਨਾਲ ਸਿੱਖ ਧਰਮ ਦੇ ਤਖ਼ਤਾਂ, ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਹਜ਼ੂਰ ਸਾਹਿਬ ਅਤੇ ਗੁਰਦੁਆਰਾ ਪਟਨਾ ਸਾਹਿਬ ਨੂੰ ਜੋੜਿਆ ਜਾਣਾ ਸੀ।
ਕੇਂਦਰ ਸਰਕਾਰ ਨੂੰ ਸਤੰਬਰ 2021 ਵਿੱਚ 'ਗੁਰਦੁਆਰਾ ਸਰਕਟ ਟ੍ਰੇਨ' ਦਾ ਐਲਾਨ ਯਾਦ ਕਰਾਉਂਦਿਆਂ ਰਾਘਵ ਚੱਢਾ ਨੇ ਕਿਹਾ ਕਿ ਸਿੱਖ ਸੰਗਤ ਨੇ ਸਰਕਾਰ ਦੀ ਇਸ ਯੋਜਨਾ ਦਾ ਸਵਾਗਤ ਕੀਤਾ ਸੀ ਅਤੇ ਉਹਨਾਂ ਨੂੰ ਇਸ ਪ੍ਰੋਜੈਕਟ ਤੋਂ ਕਾਫੀ ਉਮੀਦਾਂ ਸਨ। ਪਰ, ਦੁੱਖ ਦੀ ਗੱਲ ਹੈ ਕਿ ਹੁਣ ਪਤਾ ਕਰਨ 'ਤੇ ਇਹ ਸਾਹਮਣੇ ਆਇਆ ਹੈ ਕਿ ਪਿਛਲੇ ਸਾਲ ਐਲਾਨ ਤੋਂ ਬਾਅਦ ਇਸ ਪ੍ਰੋਜੈਕਟ 'ਤੇ ਕੋਈ ਕੰਮ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੋਈ ਰੂਪ ਰੇਖਾ ਤਿਆਰ ਕੀਤੀ ਗਈ ਹੈ।
ਆਪ ਸਾਂਸਦ ਨੇ ਭਾਜਪਾ ਸਰਕਾਰ ਦਾ ਧਿਆਨ ਸਿੱਖ ਸੰਗਤ ਦੀਆਂ ਭਾਵਨਾਵਾਂ ਤੇ ਉਮੀਦਾਂ ਵੱਲ ਦਿਵਾਉਂਦੇ ਹੋਏ ਅੱਜ ਰਾਜ ਸਭਾ 'ਚ ਕੇਂਦਰੀ ਮੰਤਰੀ ਨੂੰ ਪੁੱਛਿਆ ਕਿ ਉਹ ਸਿੱਖ ਸ਼ਰਧਾਲੂਆਂ ਨੂੰ ਦਸਣ ਕਿ ਇਸ ਐਲਾਨ ਨੂੰ ਹਕੀਕਤ ਬਣਾਉਣ ਲਈ ਹੁਣ ਤੱਕ ਕਿੰਨਾ ਕੰਮ ਕੀਤਾ ਗਿਆ ਹੈ ਅਤੇ ਕਦੋਂ ਤੱਕ ਇਹ ਪ੍ਰੋਜੈਕਟ ਪੂਰਾ ਹੋਵੇਗਾ।