ਜਿਨ੍ਹਾਂ ਰਿਕਸ਼ਾ ਚਾਲਕ ਨੂੰ ਬਣਾ ਦਿਤਾ ਲੇਖਕ ਤੇ ਘੜੀਸਾਜ਼ ਨੂੰ ਪੱਤਰਕਾਰ
Joginder Singh death News in punjabi : ਕੱਲ੍ਹ ਦਾ ਸੂਰਜ ਬੇਹਦ ਪੀੜਾ ਭਰੀ ਖ਼ਬਰ ਲੈ ਕੇ ਆਇਆ। ਪ੍ਰੋਫ਼ੈਸਰ ਗੁਰਮੁਖ ਸਿੰਘ ਅਤੇ ਗਿਆਨੀ ਦਿਤ ਸਿੰਘ ਦੇ ਪੱਧਰ ਦੇ ਸੁਧਾਰਵਾਦੀ ਅਤੇ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਜੀ ਸਾਨੂੰ ਵਿਛੋੜਾ ਦੇ ਗਏ। ਉਹ ਪਾਰਸ ਦੀ ਨਿਆਈਂ ਸਨ। ਉਨ੍ਹਾਂ ਦੀ ਛੋਹ ਨਾਲ ਇਕ ਰਿਕਸ਼ਾ ਚਾਲਕ ਵੀ ਲੇਖਕ ਬਣ ਗਿਆ ਤੇ ਇਕ ਘੜੀਸਾਜ਼ ਪੱਤਰਕਾਰ ਬਣ ਗਿਆ। ਸ. ਜੋਗਿੰਦਰ ਸਿੰਘ ਦਾ ਜੀਵਨ ਜਦੋ-ਜਹਿਦ ਭਰਿਆ ਸੀ। ‘ਸਪੋਕਸਮੈਨ’ ਮਾਸਿਕ ਪੱਤਰ ਤੋਂ ਲੈ ਕੇ ‘ਰੋਜ਼ਾਨਾ ਸਪੋਕਸਮੈਨ’ ਅਖਬਾਰ ਤੇ ਫਿਰ ਸੀਮਤ ਵਸੀਲਿਆਂ ਨਾਲ ‘ਉਚਾ ਦਰ ਬਾਬੇ ਨਾਨਕ ਦਾ’ ਸ਼ੁਰੂ ਕਰ ਕੇ ਪੰਥ ਦੀ ਝੋਲੀ ਪਾਉਣਾ ਸ. ਜੋਗਿੰਦਰ ਸਿੰਘ ਦੇ ਹਿੱਸੇ ਆਇਆ।
ਮੇਰੀ ਸ. ਜੋਗਿੰਦਰ ਸਿੰਘ ਨਾਲ ਸਾਂਝ ਅਜਿਹੀ ਸੀ, ਜੋ ਸ਼ਬਦਾਂ ਵਿਚ ਬਿਆਨ ਨਹੀਂ ਹੋ ਸਕਦੀ। ਉਹ ਪਿਤਾ ਵਾਂਗ ਘੂਰਦੇ, ਸਮਝਾਉਂਦੇ ਮਾਰਗ ਦਰਸ਼ਨ ਕਰਦੇ ਤੇ ਅਗਲੀ ਜੰਗ ਲਈ ਤਿਆਰ ਕਰਦੇ ਸਨ। ਕੁੱਝ ਸੱਜਣ ਦਸਦੇ ਕਿ ਰਾਤ ਜਦੋ ਅਖ਼ਬਾਰ ਦੀ ਤਿਆਰੀ ਕਰਦੇ ਤਾਂ ਪਹਿਲਾ ਸਵਾਲ ਹੁੰਦਾ ਅੰਮ੍ਰਿਤਸਰ ਤੋਂ ਕੀ ਆਇਆ? ਸ. ਜੋਗਿੰਦਰ ਸਿੰਘ ਸੱਚਮੁਚ ਮਰਦ-ਏ-ਮੁਜਾਹਿਦ ਸਨ।
ਜਦੋ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਵਿਰੁਧ ਹੁਕਮਨਾਮਾ ਜਾਰੀ ਕੀਤਾ ਤਾਂ ਪੁਜਾਰੀਆਂ ਅੱਗੇ ਝੁਕਣ ਦੀ ਬਜਾਏ ਸੀਨਾ ਤਾਣ ਕੇ ਖੜੇ ਹੋਏ। ਜਦੋਂ ਸ਼੍ਰੋਮਣੀ ਕਮੇਟੀ ਨੇ ਇਕ ਸੰਪਾਦਕੀ ਨੂੰ ਲੈ ਕੇ ਕੇਸ ਕੀਤਾ ਫਿਰ ਵੀ ਪੂਰੀ ਦਲੇਰੀ ਨਾਲ ਖੜੇ ਰਹੇ। ਮੈਂ ਚਸ਼ਮਦੀਦ ਗਵਾਹ ਹਾਂ, ਜਦ ਉਹ ਅੰਮ੍ਰਿਤਸਰ ਵਿਚ ਤਫ਼ਤੀਸ਼ ਲਈ ਅਦਾਲਤ ਵਿਚ ਆਏ। ਹਰ ਵਾਰ ਉਹੀ ਸ਼ਾਂਤ ਚੇਹਰਾ, ਮੁਸਕੁਰਾਹਟ ਤੇ ਦਲੇਰੀ, ਕਦੀ ਡੋਲਦੇ ਨਹੀਂ ਦੇਖਿਆ। ਸ ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ਤੇ ਇਹ ਹੀ ਕਿਹਾ ਜਾ ਸਕਦਾ ਹੈ -- ‘‘ਮੇਰੀ ਮੌਤ ’ਤੇ ਨਾ ਰੋਇਉ, ਮੇਰੀ ਸੋਚ ਨੂੰ ਬਚਾਇਉ’’।