
ਧਮਾਕੇ ਵਾਲੀ ਥਾਂ ਤੋਂ 300-400 ਮੀਟਰ ਦੀ ਦੂਰੀ ’ਤੇ ਧਾਤੂ ਦਾ ਇਕ ਟੁਕੜਾ ਉੱਡ ਕੇ ਪਿੰਡ ਦੇ ’ਚ ਕਿਰਾਏ ਦੇ ਮਕਾਨ ’ਤੇ ਡਿੱਗ ਗਿਆ
Maharashtra News : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਸੋਮਵਾਰ ਨੂੰ ਇਕ ਕੰਪਨੀ ਦੇ ਰਿਐਕਟਰ ’ਚ ਧਮਾਕਾ ਹੋਣ ਤੋਂ ਬਾਅਦ ਇਕ ਘਰ ’ਤੇ ਧਾਤੂ ਦਾ ਟੁਕੜਾ ਡਿੱਗਣ ਨਾਲ ਇਕ ਵਿਅਕਤੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਇਸ ਘਟਨਾ ਵਿਚ ਉਸ ਦੀ ਪਤਨੀ ਅਤੇ ਧੀ ਵੀ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਇਹ ਘਟਨਾ ਸਵੇਰੇ ਕਰੀਬ ਸਾਢੇ ਚਾਰ ਵਜੇ ਵਾਪਰੀ।
ਕੁਲਗਾਓਂ-ਬਦਲਾਪੁਰ ਫਾਇਰ ਸਟੇਸ਼ਨ ਦੇ ਮੁੱਖ ਫਾਇਰ ਅਫਸਰ ਭਾਗਵਤ ਸੋਨਵਾਨੇ ਨੇ ਦਸਿਆ ਕਿ ਧਮਾਕਾ ਬਦਲਾਪੁਰ-ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ (ਐੱਮ.ਆਈ.ਡੀ.ਸੀ) ਦੇ ਖਰਵਾਈ ਪਿੰਡ ’ਚ ਸਥਿਤ ਫਾਰਮਾਸਿਊਟੀਕਲ ਕੰਪਨੀ ਦੇ ਰਿਐਕਟਰ ਦੇ ਰਿਸੀਵਰ ਟੈਂਕ ’ਚ ਹੋਇਆ। ਬਾਅਦ ’ਚ ਰਿਐਕਟਰ ਯੂਨਿਟ ’ਚ ਅੱਗ ਲੱਗ ਗਈ।
ਅਧਿਕਾਰੀ ਨੇ ਦਸਿਆ ਕਿ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਅੱਗ ’ਤੇ ਕਾਬੂ ਪਾਇਆ।ਅਧਿਕਾਰੀ ਨੇ ਦਸਿਆ ਕਿ ਧਮਾਕੇ ਵਾਲੀ ਥਾਂ ਤੋਂ 300-400 ਮੀਟਰ ਦੀ ਦੂਰੀ ’ਤੇ ਧਾਤੂ ਦਾ ਇਕ ਟੁਕੜਾ ਉੱਡ ਕੇ ਪਿੰਡ ਦੇ ’ਚ ਕਿਰਾਏ ਦੇ ਮਕਾਨ ’ਤੇ ਡਿੱਗ ਗਿਆ, ਜਿਸ ਨਾਲ ਉਥੇ ਰਹਿਣ ਵਾਲੇ ਲੋਕ ਜ਼ਖਮੀ ਹੋ ਗਏ। ਪੀੜਤ ਉਸ ਸਮੇਂ ਸੁੱਤੇ ਹੋਏ ਸਨ। ਧਾਤੂ ਦਾ ਇਕ ਟੁਕੜਾ ਛੱਤ ਨੂੰ ਚੀਰਦਾ ਉਨ੍ਹਾਂ ’ਤੇ ਬਹੁਤ ਜ਼ੋਰ ਨਾਲ ਡਿਗਾ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਘਰ ਦੇ ਇਕ ਵਸਨੀਕ ਦੀਆਂ ਦੋਵੇਂ ਲੱਤਾਂ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਬਾਅਦ ’ਚ ਸਥਾਨਕ ਹਸਪਤਾਲ ’ਚ ਉਸ ਦੀਆਂ ਦੋਵੇਂ ਲੱਤਾਂ ਕਟਣੀਆਂ ਪਈਆਂ।ਪੁਲਿਸ ਨੇ ਦਸਿਆ ਕਿ ਉਸ ਦੀ ਧੀ ਦੀ ਲੱਤ ’ਚ ਵੀ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਪਤਨੀ ਵੀ ਜ਼ਖਮੀ ਹੋ ਗਈ ਹੈ। ਦੋਹਾਂ ਦਾ ਸਥਾਨਕ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਬਦਲਾਪੁਰ ਪੂਰਬੀ ਦੇ ਸੀਨੀਅਰ ਪੁਲਿਸ ਇੰਸਪੈਕਟਰ ਸੁਖਾਦਾ ਆਰ ਸ਼ਿਤੋਲੇ-ਸ਼ਿੰਦੇ ਨੇ ਦਸਿਆ ਕਿ ਬਾਅਦ ’ਚ ਵਿਅਕਤੀ ਨੂੰ ਇਲਾਜ ਲਈ ਮੁੰਬਈ ਦੇ ਸਰਕਾਰੀ ਜੇਜੇ ਹਸਪਤਾਲ ਲਿਜਾਇਆ ਗਿਆ। ਹਸਪਤਾਲ ’ਚ ਤਬਦੀਲ ਕਰ ਦਿਤਾ ਗਿਆ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।