
ਸੰਗਤਾਂ ਨੂੰ ਭਗਤ ਪੂਰਨ ਸਿੰਘ ਦੇ ਜੀਵਨ ਤੋਂ ਸੇਧ ਲੈਣ ਦੀ ਕੀਤੀ ਅਪੀਲ
ਸ੍ਰੀ ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਹਾਨ ਸਿੱਖ ਅਤੇ ਵਾਤਾਵਰਣ ਪ੍ਰੇਮੀ ਭਗਤ ਪੂਰਨ ਸਿੰਘ ਜੀ ਦੀ 33ਵੀਂ ਬਰਸੀ ਮੌਕੇ ਅੰਮ੍ਰਿਤਸਰ ਸਥਿਤ ਪਿੰਗਲਵਾੜਾ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨੇ ਹਾਜ਼ਰ ਸੰਗਤ ਨੂੰ ਭਗਤ ਪੂਰਨ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਣਾ ਕਰਦਿਆਂ ਵਾਤਾਵਰਣ ਅਤੇ ਧਰਤੀ ਨੂੰ ਸੰਭਾਲਣ ਦੀ ਗੱਲ ਵੀ ਆਖੀ। ਜਥੇਦਾਰ ਗੜਗੱਜ ਨੇ ਕੁਝ ਸਮਾਂ ਪਿੰਗਲਵਾੜਾ ਦੇ ਬੱਚਿਆਂ ਵੱਲੋਂ ਗਾਇਨ ਕੀਤਾ ਗਿਆ ਰਸਭਿੰਨਾ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ ਅਤੇ ਉਪਰੰਤ ਸੰਗਤ ਨੂੰ ਸੰਬੋਧਨ ਕੀਤਾ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੇ ਸੱਚੀ ਸੇਵਾ ਭਾਵਨਾ ਨਾਲ ਲੋੜਵੰਦਾਂ, ਦੁਖੀਆਂ ਅਤੇ ਦਰਦਮੰਦਾਂ ਦੇ ਦਰਦ ਨੂੰ ਆਪਣਾ ਦਰਦ ਸਮਝਦਿਆਂ ਉਨ੍ਹਾਂ ਨੂੰ ਆਪਣੇ ਧੀਆਂ ਤੇ ਪੁੱਤਰਾਂ ਵਾਂਗ ਪਾਲ਼ਿਆ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਪੰਥ ਦੀ ਵੱਡੀ ਮਾਣਮੱਤੀ ਸ਼ਖ਼ਸੀਅਤ ਸਨ, ਜਿਨ੍ਹਾਂ ’ਤੇ ਸਮੁੱਚੀ ਸਿੱਖ ਕੌਮ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੇ ਪੂਰਾ ਜੀਵਨ ਗੁਰਬਾਣੀ ਦੀ ਸਿੱਖਿਆ ਅਨੁਸਾਰ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਆਪਣੇ ਸ਼ੁਰੂਆਤੀ ਜੀਵਨ ਵਿੱਚ ਲੁਧਿਆਣਾ ਸਥਿਤ ਗੁਰਦੁਆਰਾ ਰੇਰੂ ਸਾਹਿਬ ਵਿਖੇ ਗੁਰੂ ਘਰ ’ਚ ਹੁੰਦੀ ਸੇਵਾ ਨੂੰ ਦੇਖ ਕੇ ਪ੍ਰਭਾਵਿਤ ਹੋਏ, ਜਿਸ ਤੋਂ ਉਹ ਸੱਚੇ ਸਿੱਖ ਬਣ ਗਏ ਅਤੇ ਅੱਗੇ ਚੱਲ ਕੇ ਉਨ੍ਹਾਂ ਵੱਡੀਆਂ ਸੇਵਾਵਾਂ ਕੀਤੀਆਂ।
ਜਥੇਦਾਰ ਗੜਗੱਜ ਨੇ ਕਿਹਾ ਕਿ ਜਦੋਂ ਜੂਨ 1984 ਵਿੱਚ ਫੌਜ ਨੇ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਕੀਤਾ ਤਾਂ ਭਗਤ ਪੂਰਨ ਸਿੰਘ ਨੇ ਇਸ ਦੇ ਰੋਸ ਵਜੋਂ ਸਰਕਾਰ ਵੱਲੋਂ ਮਿਲਿਆ ਹੋਇਆ ਸਨਮਾਨ ਮੋੜਿਆ, ਜੋ ਉਨ੍ਹਾਂ ਦੇ ਪੰਥਕ ਜਜ਼ਬੇ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਜਿਵੇਂ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਭਗਤ ਪੂਰਨ ਸਿੰਘ ਜੀ ਨੇ ਹਵਾ, ਪਾਣੀ ਅਤੇ ਵਾਤਾਵਰਣ ਨੂੰ ਸੰਭਾਲਣ ਲਈ ਕਾਰਜ ਕੀਤੇ, ਅਸੀਂ ਵੀ ਉਸੇ ਤਰ੍ਹਾਂ ਆਪਣੀ ਧਰਤੀ ਅਤੇ ਰੁੱਖਾਂ ਨੂੰ ਸੰਭਾਲਣ ਲਈ ਯਤਨ ਕਰੀਏ। ਜਥੇਦਾਰ ਗੜਗੱਜ ਨੇ ਸਨੇਹਾ ਦਿੱਤਾ ਕਿ ਪਿੰਗਲਵਾੜਾ ਕੌਮ ਦੀ ਵਿਰਾਸਤ ਹੈ ਅਤੇ ਇਸ ਸੰਸਥਾ ਦਾ ਵੱਧ ਤੋਂ ਵੱਧ ਸਹਿਯੋਗ ਕਰੀਏ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਅਸੀਂ ਰੁੱਖ ਲਾਈਏ, ਰੁੱਖ ਸੰਭਾਲੀਏ ਅਤੇ ਰੁੱਖਾਂ ਦੀ ਕਦਰ ਕਰੀਏ। ਉਨ੍ਹਾਂ ਕਿਹਾ ਕਿ ਜਲ ਜੀਵਨ ਲਈ ਬਹੁਤ ਹੀ ਅਹਿਮ ਹੈ ਇਸ ਨੂੰ ਖਰਾਬ ਨਾ ਕਰੀਏ। ਉਨ੍ਹਾਂ ਕਿਹਾ ਕਿ ਅੱਜ ਦਾ ਅਹਿਮ ਮਾਮਲਾ ਆਪਣੀ ਜ਼ਮੀਨ ਨੂੰ ਸੰਭਾਲਣਾ ਹੈ, ਜੇਕਰ ਜ਼ਮੀਨ ਹੈ ਤਾਂ ਅਸੀਂ ਹਾਂ ਅਤੇ ਜੇਕਰ ਇਹ ਨਾ ਰਹੀਆਂ ਤਾਂ ਅਸੀਂ ਗੁਲਾਮੀ ਕਰਾਂਗੇ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਹੈ, ਅਸੀਂ ਇਨ੍ਹਾਂ ਜ਼ਮੀਨਾਂ ਨੂੰ ਸੰਭਾਲੀਏ ਅਤੇ ਛੋਟੇ-ਛੋਟੇ ਲਾਲਚਾਂ ਪਿੱਛੇ ਜ਼ਮੀਨਾਂ ਨਾ ਵੇਚੀਏ। ਇਸ ਮੌਕੇ ਪਿੰਗਲਵਾੜਾ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਜਥੇਦਾਰ ਗੜਗੱਜ ਨੂੰ ਸਿਰਪਾਓ, ਪੁਸਤਕਾਂ, ਭਗਤ ਪੂਰਨ ਸਿੰਘ ਦੀ ਤਸਵੀਰ ਆਦਿ ਦੇ ਕੇ ਸਨਮਾਨਿਤ ਕੀਤਾ।