
ਸੁਨਾਰੀਆ ਜੇਲ੍ਹ ਤੋਂ ਸਿਰਸਾ ਡੇਰੇ ਲਈ ਰਵਾਨਾ
Sauda Sadh gets 40-day parole for the 14th time: ਡੇਰਾ ਮੁਖੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ 14ਵੀਂ ਵਾਰ 40 ਦਿਨ ਦੀ ਪੈਰੋਲ ਮਿਲ ਗਈ ਹੈ। ਰਾਮ ਰਹੀਮ ਮੰਗਲਵਾਰ ਸਵੇਰੇ ਸਿਰਸਾ ਡੇਰੇ ਲਈ ਰਵਾਨਾ ਹੋਇਆ। ਸਵੇਰੇ 7 ਵਜੇ ਹਨੀਪ੍ਰੀਤ, ਸਿਰਸਾ ਡੇਰੇ ਦੇ ਚੇਅਰਮੈਨ ਦਾਨ ਸਿੰਘ, ਡਾ. ਆਰ. ਕੇ. ਨੈਨ ਅਤੇ ਸ਼ਰਨਦੀਪ ਸਿੰਘ ਸੀਤੂ ਦੋ ਗੱਡੀਆਂ ਨਾਲ ਰੋਹਤਕ ਪਹੁੰਚੇ ਅਤੇ ਰਾਮ ਰਹੀਮ ਦੇ ਨਾਲ ਸਿਰਸਾ ਡੇਰੇ ਲਈ ਰਵਾਨਾ ਹੋਏ।
ਸਾਧਵੀ ਜਿਣਸੀ ਸ਼ੋਸ਼ਣ ਮਾਮਲੇ ਵਿਚ ਦੋਸ਼ੀ ਸਾਬਤ ਹੋਣ ਤੋਂ ਬਾਅਦ ਰਾਮ ਰਹੀਮ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ। ਦੱਸ ਦੇਈਏ ਕਿ ਰਾਮ ਰਹੀਮ ਜਬਰ ਜਨਾਹ ਅਤੇ ਕਤਲ ਮਾਮਲੇ ਵਿਚ 20 ਸਾਲ ਦੀ ਕੈਦ ਕੱਟ ਰਿਹਾ ਹੈ। 25 ਅਗਸਤ 2017 ਨੂੰ ਰਾਮ ਰਹੀਮ ਨੂੰ 2 ਸਾਧਵੀਆਂ ਦੇ ਜਿਣਸੀ ਸ਼ੋਸ਼ਣ ਮਾਮਲੇ ਵਿਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ 17 ਜਨਵਰੀ 2019 ਨੂੰ, ਉਸ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਦੇ ਨਾਲ ਹੀ, ਅਕਤੂਬਰ 2021 ਵਿਚ, ਸੀ.ਬੀ.ਆਈ. ਅਦਾਲਤ ਨੇ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਮਾਮਲੇ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।