
1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਨਹੀਂ ਮਿਲੀ ਰਾਹਤ
ਸੁਪਰੀਮ ਕੋਰਟ ਨੇ ਅੰਤ੍ਰਿਮ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
ਨਵੀਂ ਦਿੱਲੀ, 4 ਸਤੰਬਰ : ਸੁਪਰੀਮ ਕੋਰਟ ਨੇ 1984 ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੀ ਉਸ ਪਟੀਸ਼ਨ ਨੂੰ ਸ਼ੁਕਰਵਾਰ ਨੂੰ ਖ਼ਾਰਜ਼ ਕਰ ਦਿਤਾ ਜਿਸ 'ਚ ਉਨ੍ਹਾਂ ਨੇ ਸਿਹਤ ਦੇ ਆਧਾਰ 'ਤੇ ਅੰਤ੍ਰਿਮ ਜ਼ਮਾਨਤ ਦਿਤੇ ਜਾਣ ਦੀ ਅਪੀਲ ਕੀਤੀ ਸੀ।
ਮੁੱਖ ਜੱਜ ਐਸ.ਏ. ਬੋਬੜੇ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ, ''ਮਾਫ਼ ਕਰੋ। ਅਸੀਂ ਇੱਛਾਵਾਨ ਨਹੀਂ ਹਾਂ। ਖ਼ਾਰਿਜ।''
ਸੱਜਣ ਕੁਮਾਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਦਲੀਲ ਦਿਤੀ ਕਿ ਕੁਮਾਰ ਨੂੰ ਸਿਹਤ ਦੇ ਆਧਾਰ 'ਤੇ ਅੰਤ੍ਰਿਮ ਜ਼ਮਾਨਤ ਦਿਤੀ ਜਾਣੀ ਚਾਹੀਦੀ ਹੈ ਕਿਉਂਕਿ ਉਹ 20 ਮਹੀਨਿਆਂ ਤੋਂ ਜੇਲ 'ਚ ਹਨ ਅਤੇ ਉਨ੍ਹਾਂ ਦਾ ਭਾਰ ਕਰੀਬ 16 ਕਿਲੋ ਘੱਟ ਗਿਆ ਹੈ। ਉਨ੍ਹਾਂ ਨੂੰ ਪਹਿਲਾਂ ਹੋਈਆਂ ਕਈ ਬਿਮਾਰੀਆਂ ਦਾ ਇਲਾਜ ਕਰਾਉਣ ਦੀ ਜ਼ਰੂਰਤ ਹੈ।
ਕੁੱਝ ਦੰਗਾ ਪੀੜਤਾਂ ਵਲੋਂ ਪੇਸ਼ ਹੋਏ ਸੀਨੀਅਰ ਸਲਾਹਕਾਰ ਐਚ.ਐਸ. ਫੂਲਕਾ ਨੇ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕੁਮਾਰ ਨੂੰ ਜਿਸ ਇਲਾਜ ਦੀ ਲੋੜ ਹੈ ਉਹ ਹਸਪਤਾਲ 'ਚ ਉਨ੍ਹਾਂ ਦਿਤਾ ਜਾ ਰਿਹਾ ਹੈ।
ਦਿੱਲੀ ਹਾਈ ਕੋਰਟ ਵਲੋਂ 17 ਦਸੰਬਰ 2018 ਨੂੰ ਮਾਮਲੇ 'ਚ ਉਨ੍ਹਾਂ ਨੂੰ ਅਤੇ ਇਕ ਹੋਰ ਨੂੰ ਦੋਸ਼ੀ ਠਹਿਰਾਇਆ ਗਿਆ ਜਿਸ ਦੇ ਬਾਅਦ ਕੁਮਾਰ ਉਮਰ ਕੈਦ ਕੱਟ ਰਹੇ ਹਨ। ਹਾਈ ਕੋਰਟ ਨੇ ਇਕ-ਦੋ ਨਵੰਬਰ image1984 ਨੂੰ ਦਖਣੀ ਪਛਮੀ ਦਿੱਲੀ 'ਚ ਪਾਲਮ ਕਲੋਨੀ ਦੇ ਰਾਜ ਨਗਰ ਪਾਰਟ-1 ਇਲਾਕੇ 'ਚ ਪੰਜ ਸਿੱਖਾਂ ਦੇ ਕਤਲ ਅਤੇ ਰਾਜ ਨਗਰ ਪਾਰਟ-2 'ਚ ਇਕ ਗੁਰਦਵਾਰੇ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਹੇਠਲੀ ਅਦਾਲਤ ਵਲੋਂ 2013 'ਚ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਫ਼ੈਸਲੇ ਨੂੰ ਪਲਟ ਦਿਤਾ ਸੀ। (ਪੀਟੀਆਈ)