
ਕਿਸਾਨ ਮਹਾਪੰਚਾਇਤ ਨੂੰ ਲੈ ਕੇ ਮੁਜ਼ੱਫ਼ਰਨਗਰ ਵਿਚ ਸੁਰੱਖਿਆ ਸਖ਼ਤ
ਪੀਏਸੀ ਦੀਆਂ 6 ਕੰਪਨੀਆਂ ਤੇ ਆਰਏਐਫ਼ ਦੀਆਂ 2 ਕੰਪਨੀਆਂ ਹੋਣਗੀਆਂ ਤੈਨਾਤ
ਮੁਜ਼ੱਫ਼ਰਨਗਰ, 4 ਸਤੰਬਰ : ਕੇਂਦਰੀ ਖੇਤੀ ਕਾਨੂੰਨਾਂ ਸਮੇਤ ਕਿਸਾਨਾਂ ਨਾਲ ਜੁੜੇ ਮੁੱਦਿਆਂ 'ਤੇ ਐਤਵਾਰ ਨੂੰ ਹੋਣ ਵਾਲੀ 'ਕਿਸਾਨ ਮਹਾਪੰਚਾਇਤ' ਲਈ ਸੂਬਾਈ ਹਥਿਆਰਬੰਦ ਕਾਂਸਟੇਬੁਲਰੀ (ਪੀ. ਏ. ਸੀ.) ਦੀਆਂ 6 ਕੰਪਨੀਆਂ ਅਤੇ ਰੈਪਿਡ ਐਕਸ਼ਨ ਫ਼ੋਰਸ (ਆਰ.ਏ.ਐਫ਼.) ਦੀਆਂ ਦੋ ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ | ਇਸ ਮਹਾਪੰਚਾਇਤ ਦਾ ਆਯੋਜਨ ਮੁਜ਼ੱਫ਼ਰਨਗਰ ਵਿਚ ਕਿਸਾਨ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤਾ ਜਾਵੇਗਾ | ਸਹਾਰਨਪੁਰ ਰੇਂਜ ਦੇ ਡੀ. ਆਈ. ਜੀ. ਪ੍ਰੀਤਿੰਦਰ ਸਿੰਘ ਨੇ ਸਨਿਚਰਵਾਰ ਨੂੰ ਕਿਹਾ ਕਿ ਪ੍ਰੋਗਰਾਮ ਦੀ ਵੀਡੀਉਗ੍ਰਾਫ਼ੀ ਕਰਵਾਈ ਜਾਵੇਗੀ, ਜਦਕਿ 5 ਸੀਨੀਅਰ ਪੁਲਿਸ ਸੁਪਰਡੈਂਟ (ਐਸ. ਐਸ. ਪੀ.), 7 ਐਡੀਸ਼ਨਲ ਪੁਲਿਸ ਸੁਪਰਡੈਂਟ (ਏ. ਐਸ. ਪੀ.) ਅਤੇ 40 ਪੁਲਿਸ ਇੰਸਪੈਕਟਰ ਸੁਰੱਖਿਆ ਡਿਊਟੀ 'ਤੇ ਤਾਇਨਾਤ ਰਹਿਣਗੇ |
ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਅਤੇ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਮੋਰਚਾ ਦੇ ਮੈਂਬਰ ਯੁੱਧਵੀਰ ਸਿੰਘ ਨੇ ਕਿਹਾ ਕਿ ਕਿਸਾਨ ਮਹਾਪੰਚਾਇਤ 'ਚ ਖੇਤੀ ਕਾਨੂੰਨਾਂ, ਗੰਨਾ ਸਮਰਥਨ ਮੁੱਲ ਅਤੇ ਬਿਜਲੀ ਸਪਲਾਈ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਮਹਾਰਾਸ਼ਟਰ ਸਮੇਤ ਦੇਸ਼ ਭਰ ਦੇ ਕਿਸਾਨ ਪ੍ਰੋਗਰਾਮ ਵਿਚ ਹਿੱਸਾ ਲੈਣਗੇ | ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ 5 ਸਤੰਬਰ ਦੀ ਕਿਸਾਨ ਮਹਾਪੰਚਾਇਤ ਇਤਿਹਾਸਕ ਹੋਵੇਗੀ |
ਇਸ ਕਿਸਾਨ ਮਹਾਪੰਚਾਇਤ 'ਚ ਪੰਜਾਬ ਤੋਂ ਲਗਭਗ 2000 ਕਿਸਾਨਾਂ ਦੇ ਮੁਜ਼ੱਫ਼ਰਨਗਰ ਪਹੁੰਚਣ ਦੀ ਉਮੀਦ ਹੈ | ਉਹ ਅੰਮਿ੍ਤਸਰ, ਜਲੰਧਰ ਅਤੇ ਲੁਧਿਆਣਾ ਤੋਂ ਐਤਵਾਰ ਸਵੇਰੇ ਐਕਸਪ੍ਰੈੱਸ ਟਰੇਨ 'ਚ ਸਵਾਰ ਹੋ ਕੇ ਆਉਣਗੇ | ਦਿੱਲੀ ਦੀਆਂ ਸਰਹੱਦਾਂ 'ਤੇ ਧਰਨੇ ਵਾਲੀਆਂ ਥਾਵਾਂ ਤੋਂ 400-500 ਕਿਸਾਨ ਮਹਾਪੰਚਾਇਤ ਲਈ ਰਵਾਨਾ ਹੋਣਗੇ | (ਏਜੰਸੀ)