
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਹੁਕਮ ਹੋਵੇਗਾ ਸਿਰ ਮੱਥੇ - ਮਜੀਠੀਆ
ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਤੋਂ ਬਾਅਦ ਸਕੱਤਰੇਤ ਦਫ਼ਤਰ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦਿੱਤਾ। ਇਸ ਮੌਕੇ ਅਕਾਲੀ ਆਗੂ ਮਜੀਠੀਆ ਦਾ ਕਹਿਣਾ ਹੈਕਿ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਦੇ ਹੋਏ ਇਕ ਨਿਮਾਣੇ ਸਿੱਖ ਵਾਂਗ ਆਪਣਾ ਸਪੱਸ਼ਟੀਕਰਨ ਦਿੱਤਾ ਹੈ।
ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਫੈਸਲਾ ਆਵੇਗਾ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਰਉੱਤੇ ਕਿਸੇ ਦੀ ਵੀ ਕੋਈ ਸਿਆਣਪ ਨਹੀਂ ਚੱਲਣੀ ਇੱਥੇ ਹੀ ਸਿਰ ਨਿਵਾਉਣਾ ਹੀ ਚੰਗਾ ਹੈ।
ਦੱਸ ਦੇਈਏ ਕਿ ਬੀਤੀ 30 ਅਗਸਤ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਅਤੇ ਤਤਕਾਲੀ ਅਕਾਲੀ ਸਰਕਾਰਾਂ ਵੇਲੇ ਕੈਬਨਿਟ ਮੰਤਰੀ ਰਹੇ ਅਕਾਲੀ ਆਗੂਆਂ ਨੂੰ 15 ਦਿਨਾਂ ਦੇ ਅੰਦਰ ਆਪਣਾ ਸਪੱਸ਼ਟੀਕਰਨ ਨਿੱਜੀ ਰੂਪ ਵਿਚ ਪੇਸ਼ ਹੋ ਕੇ ਦੇਣ ਵਾਸਤੇ ਆਦੇਸ਼ ਕੀਤਾ ਗਿਆ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਮੰਗਵਿੰਦਰ ਸਿੰਘ ਖਾਪੜ ਖੇੜੀ, ਸੁਰਜੀਤ ਸਿੰਘ ਭਿੱਟੇਵਡ ਤੇ ਸ਼ਹਿਰੀ ਜਥੇ ਦੇ ਪ੍ਰਧਾਨ ਵੀ ਸਨ।