
ਮ੍ਰਿਤਕਾਂ 'ਚ ਮਾਓਵਾਦੀਆਂ ਦਾ ਇੱਕ ਸੀਨੀਅਰ ਕਾਡਰ ਵੀ ਸ਼ਾਮਲ
Telangana News : ਤੇਲੰਗਾਨਾ ਦੇ ਭਦਰਾਦਰੀ ਕੋਠਾਗੁਡੇਮ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਪੁਲਿਸ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਮੈਂਬਰਾਂ ਵਿਚਾਲੇ ਹੋਈ ਗੋਲੀਬਾਰੀ ਵਿੱਚ ਮਾਓਵਾਦੀ ਸੰਗਠਨ ਦੀਆਂ ਦੋ ਮਹਿਲਾ ਕਾਡਰਾਂ ਸਮੇਤ ਛੇ ਮਾਓਵਾਦੀ ਮਾਰੇ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ 'ਚ ਤੇਲੰਗਾਨਾ ਪੁਲਿਸ ਦੇ ਨਕਸਲ ਵਿਰੋਧੀ ਵਿੰਗ 'ਗ੍ਰੇਹੌਂਡਜ਼' ਦੇ ਦੋ ਕਮਾਂਡੋ ਵੀ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਕਾਰਕਾਗੁਡੇਮ ਥਾਣੇ ਦੇ ਅਧੀਨ ਇੱਕ ਜੰਗਲੀ ਖੇਤਰ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਮਾਓਵਾਦੀਆਂ ਦੀ ਇਕ ਟੀਮ ਗੁਆਂਢੀ ਸੂਬੇ ਛੱਤੀਸਗੜ੍ਹ ਤੋਂ ਤੇਲੰਗਾਨਾ ਆ ਰਹੀ ਹੈ।
ਜਿਸ ਤੋਂ ਬਾਅਦ ਘਟਨਾ ਦਾ ਪਤਾ ਲੱਗਣ 'ਤੇ ਵਿਸ਼ੇਸ਼ ਪੁਲਸ ਦਸਤੇ ਨੇ ਇਲਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਦੋ ਮਹਿਲਾ ਕਾਡਰਾਂ ਸਮੇਤ 6 ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਮੁੱਢਲੀ ਜਾਂਚ ਦੇ ਆਧਾਰ 'ਤੇ ਦੱਸਿਆ ਕਿ ਮ੍ਰਿਤਕਾਂ 'ਚ ਮਾਓਵਾਦੀਆਂ ਦਾ ਇੱਕ ਸੀਨੀਅਰ ਕਾਡਰ ਵੀ ਸ਼ਾਮਲ ਹੈ। ਪੁਲਿਸ ਨੇ ਮੌਕੇ ਤੋਂ 2 ਏ.ਕੇ.47 ਰਾਈਫਲਾਂ, ਐਸਐਲਆਰ ਸਮੇਤ ਛੇ ਹਥਿਆਰ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।