
ਰਾਬੀਆ ਨੇ ਆਪਣੇ ਪਿਤਾ ਦੇ ਹਲਕੇ ਵਿਚ ਕੀਤਾ ਵਿਕਾਸ ਕੰਮਾਂ ਦਾ ਉਦਘਾਟਨ
ਅੰਮ੍ਰਿਤਸਰ (ਸਰਵਨ ਸਿੰਘ) - ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਤੋਂ ਬਾਅਦ ਹੁਣ ਉਨ੍ਹਾਂ ਦੀ ਬੇਟੀ ਰਾਬੀਆ ਕੌਰ ਸਿੱਧੂ ਵੀ ਰਾਜਨੀਤਕ ਖੇਤਰ ਵਿਚ ਪਹਿਲੀ ਵਾਰ ਨਜ਼ਰ ਆਈ ਹੈ। ਰਾਬੀਆ ਕੌਰ ਸਿੱਧੂ ਵੱਲੋਂ ਅੱਜ ਆਪਣੇ ਪਿਤਾ ਦੇ ਹਲਕੇ ਵਿਚ ਵਿਕਾਸ ਕੰਮਾਂ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ 'ਤੇ ਬੇਸ਼ੱਕ ਉਨ੍ਹਾਂ ਨੇ ਪੱਤਰਕਾਰਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਕੀਤੀ ਪਰ ਜਿੰਨੀ ਕੁ ਗੱਲਬਾਤ ਕੀਤੀ ਉਸ ਵਿਚ ਉਹ ਆਪਣੇ ਪਿਤਾ ਦੇ ਹੱਕ ਵਿਚ ਬੋਲਦੀ ਨਜ਼ਰ ਆਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਅੱਜ ਤੱਕ ਜਿਸ ਵੀ ਏਜੰਡੇ ਨੂੰ ਫੜਿਆ ਹੈ ਉਸ ਨੂੰ ਪੂਰਾ ਕੀਤਾ ਹੈ।
ਇਸ ਮੌਕੇ ਰਾਬੀਆ ਸਿੱਧੂ ਵੱਲੋਂ ਆਪਣੇ ਪਿਤਾ ਦੇ ਹਲਕੇ ਦੇ ਵਿਚ ਕੁਝ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਵੇਰਕਾ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਦੇ ਵਿਚ ਕੁਝ ਵਿਕਾਸ ਕਾਰਜ ਬਹੁਤ ਸਮੇਂ ਤੋਂ ਰੁਕੇ ਹੋਏ ਸਨ ਜਿਨ੍ਹਾਂ ਦਾ ਉਦਘਾਟਨ ਅੱਜ ਰਾਬੀਆ ਕੌਰ ਸਿੱਧੂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਲਕੇ ਲਈ ਬਹੁਤ ਕੁਝ ਕੀਤਾ ਹੈ ਅਤੇ ਹੁਣ ਵੀ ਉਹ ਲਗਾਤਾਰ ਅਧੂਰੇ ਕੰਮਾਂ ਨੂੰ ਪੂਰਾ ਕਰਨ ਵਿਚ ਲੱਗੇ ਹੋਏ ਹਨ। ਬੇਸ਼ੱਕ ਇਸ ਮੌਕੇ ਨਵਜੋਤ ਕੌਰ ਸਿੱਧੂ ਦੀ ਸਪੁੱਤਰੀ ਰਾਬੀਆ ਸਿੱਧੂ ਖੁੱਲ੍ਹ ਕੇ ਨਹੀਂ ਬੋਲੀ ਪਰ ਹਲਕੇ ਦੇ ਵਿਚ ਇਸ ਤਰ੍ਹਾਂ ਦੇ ਨਾਲ ਉਨ੍ਹਾਂ ਦਾ ਦੌਰਾ ਕੁੱਝ ਤਾਂ ਇਸ਼ਾਰਾ ਕਰਦਾ ਹੈ ਕਿ ਕਿਤੇ ਨਾ ਕਿਤੇ ਉਹ ਵੀ ਆਉਣ ਵਾਲੇ ਸਮੇਂ ਦੇ ਵਿਚ ਰਾਜਨੀਤੀ ਖੇਤਰ ਵਿਚ ਨਜ਼ਰ ਆ ਸਕਦੀ ਹੈ।