
ਲੱਖੋ ਕੇ ਬਹਿਰਾਮ ’ਚ ਨਸ਼ੇ ਦੀ ਓਵਰਡੋਜ਼ ਕਾਰਨ ਬੀਤੇ ਦਿਨੀਂ ਚਾਰ ਨੌਜਵਾਨਾਂ ਦੀ ਗਈ ਸੀ ਜਾਨ
ਫਿਰੋਜ਼ਪੁਰ : ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲੱਖੋ ਕੇ ਬਹਿਰਾਮ ਵਿਖੇ ਬੀਤੇ ਦਿਨੀਂ ਨਸ਼ੇ ਕਾਰਨ ਹੋਈਆਂ ਚਾਰ ਨੌਜਵਾਨਾਂ ਦੀਆਂ ਮੌਤਾਂ ’ਤੇ ਸਖ਼ਤ ਕਾਰਵਾਈ ਕਰਦਿਆਂ ਪੁਲਿਸ ਨੇ ਥਾਣਾ ਲੱਖੇ ਕੇ ਬਹਿਰਾਮ ਦੇ ਥਾਣੇਦਾਰ ਬਲਰਾਜ ਸਿੰਘ ਅਤੇ ਲੱਖੋ ਕੇ ਬਹਿਰਾਮ ਦੇ ਬੀਟ ਅਫਸਰ ਸਹਾਇਕ ਸਬ ਇੰਸਪੈਕਟਰ ਬਲਬੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਉਸੇ ਦਿਨ ਹੀ ਮੁਅੱਤਲ ਕਰ ਦਿੱਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਸਹਾਇਕ ਸਬ ਇੰਸਪੈਕਟਰ ਬਲਬੀਰ ਸਿੰਘ ਕੋਲ ਲੱਖੋ ਕੇ ਬਹਿਰਾਮ ਇਲਾਕੇ ਦੀ ਬੀਟ ਸੀ ਅਤੇ ਉਸ ਮੰਦਭਾਗੀ ਘਟਨਾ ਵਿਚ ਉਸ ਦੀ ਜ਼ਿੰਮੇਵਾਰੀ ਬਣਦੀ ਸੀ। ਉਧਰ ਇਸ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਵੱਲੋਂ ਫੌਰੀ ਤੌਰ ’ਤੇ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਜਿੱਥੇ ਮਾਮਲੇ ਸਬੰਧੀ ਘੋਖ ਕੀਤੀ ਗਈ ਸੀ,ਉਥੇ ਇਕ ਟੀਮ ਵੱਲੋਂ ਪੁਲਿਸ ਦੀ ਮਦਦ ਨਾਲ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ ਕਰਦਿਆਂ ਕਈ ਮੈਡੀਕਲ ਸਟੋਰ ਸੀਲ ਕੀਤੇ ਗਏ ਹਨ। ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰਾਂ ਦੀ ਪੁਸ਼ਤਪਨਾਹੀ ਕਰਨ ਦੇ ਲੱਗੇ ਦੋਸ਼ਾਂ ਮਗਰੋਂ ਸਿਹਤ ਮਹਿਕਮੇ ਵੱਲੋਂ ਵੀ ਹੁਣ ਲਗਾਤਾਰ ਮੈਡੀਕਲ ਸਟੋਰਾਂ ’ਤੇ ਚੈਕਿੰਗ ਕਰਦਿਆਂ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਰਾਤ ਪਿੰਡ ਲੱਖੋ ਕੇ ਬਹਿਰਾਮ ਵਿਖੇ ਰਣਦੀਪ ਸਿੰਘ,ਰਮਨਦੀਪ ਸਿੰਘ ਅਤੇ ਮੈਹਦ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਉਸ ਤੋਂ ਇਕ ਦਿਨ ਪਹਿਲੋਂ ਹੀ ਪਿੰਡ ਵਿਚ ਸੰਦੀਪ ਸਿੰਘ ਦੀ ਵੀ ਨਸ਼ੇ ਦੀ ਓਵਰ ਡੋਜ਼ ਕਾਰਨ ਹੀ ਮੌਤ ਹੋਈ ਦੱਸੀ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਉਸੇ ਦਿਨ ਹੀ ਦੋਵੇਂ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ,ਜਦਕਿ ਸਿਵਲ ਪ੍ਰਸ਼ਾਸਨ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਕਾਰਵਾਈ ਕੀਤੀ ਜਾ ਰਹੀ ਹੈ।