
ਢੱਠੇ ਦੇ ਢਿੱਡ 'ਚੋਂ ਨਾ ਨਿਕਲੇ ਗਹਿਣੇ
ਕਾਲਾਂਵਾਲੀ ( ਸੁਰਿੰਦਰ ਪਾਲ ਸਿੰਘ) : ਕਾਲਾਂਵਾਲੀ ਦੇ ਵਾਰਡ ਨੰਬਰ 6 ਸਥਿਤ ਖੇਤਰਪਾਲ ਵਾਲੀ ਗਲੀ ਨਿਵਾਸੀ ਜਨਕ ਰਾਜ ਦਾ ਪਰਿਵਾਰ ਪਿਛਲੇ 15 ਦਿਨਾਂ ਤੋਂ ਇਕ ਢੱਠੇ ਦੀ ਖਾਤਰਦਾਰੀ ਕਰ ਰਿਹਾ ਹੈ। ਕਿਉਂਕੀ ਉਕਤ ਢੱਠਾ ਉਨ੍ਹਾਂ ਦੇ 40 ਗਰਾਮ ਸੋਨੇ ਦੇ ਗਹਿਣੇ ਨਿਗਲ ਗਿਆ ਹੈ। ਪਸ਼ੂਆਂ ਦੇ ਡਾਕਟਰਾਂ ਮੁਤਾਬਕ ਹਰਾ ਚਾਰਾ ਗੁੜ ਨਾਲ ਦੇਣ ਨਾਲ ਪਸ਼ੂ ਦੇ ਗੋਬਰ ਨਾਲ ਬਸਤੂਆਂ ਬਾਹਰ ਵੀ ਆ ਜਾਂਦੀਆਂ ਹਨ
ਪਰ 15 ਦਿਨ ਬੀਤਣ 'ਤੇ ਵੀ ਢੱਠੇ ਦੇ ਢਿੱਡ ਵਿਚੋਂ ਕੁਝ ਵੀ ਬਾਹਰ ਨਹੀਂ ਆਇਆ। ਇਨ੍ਹਾਂ ਦਿਨ੍ਹਾਂ ਦੌਰਾਨ ਜਨਕ ਰਾਜ ਦਾ ਪਰਿਵਾਰ ਢੱਠੇ ਦੀ ਖਾਤਰਦਾਰੀ ਉੱਤੇ ਕਾਫ਼ੀ ਖਰਚ ਕਰ ਚੁੱਕਿਆ ਹੈ। ਪਸ਼ੂ ਚਿਕਿਤਸਕਾਂ ਦਾ ਹੁਣ ਮੰਨਣਾ ਹੈ ਕਿ ਢੱਠੇ ਦੇ ਢਿੱਡ ਵਿਚੋਂ ਗਹਿਣੇ ਨਿਕਲਨੇ ਮੁਸ਼ਕਲ ਹਨ। ਜਨਕ ਰਾਜ ਦੇ ਪਰਿਵਾਰ ਨੇ ਕੁੱਝ ਦਿਨ ਪਹਿਲਾਂ ਫ਼ੈਸਲਾ ਕੀਤਾ ਸੀ ਕਿ ਜੇਕਰ ਢੱਠੇ ਦੇ ਢਿੱਡ ਵਿਚੋਂ ਗਹਿਣੇ ਬਾਹਰ ਨਹੀਂ ਆਉਂਦੇ ਤਾਂ ਉਹ ਢੱਠੇ ਨੂੰ ਗਊ ਸ਼ਾਲਾ ਵਿਚ ਛੱਡ ਦੇਣਗੇ।
ਜਨਕ ਰਾਜ ਦੇ ਪਰਿਵਾਰ ਨੂੰ ਸੰਦੇਹ ਹੈ ਕਿ ਜੇਕਰ ਉਨ੍ਹਾ ਢੱਠੇ ਨੂੰ ਖੁੱਲਾ ਵਿੱਚ ਛੱਡ ਦਿਤਾ ਤਾਂ ਸੋਨੇ ਦੇ ਲਾਲਚ ਵਿਚ ਕੋਈ ਉਸਦੀ ਹੱਤਿਆ ਕਰ ਸਕਦਾ ਹੈ। ਜਨਕ ਦਾ ਪਰਿਵਾਰ ਢੱਠੇ ਦੇ ਅਪਰੇਸ਼ਨ ਤੋਂ ਵੀ ਤ੍ਰਹਿੰਦਾ ਹੈ। ਜਿਕਰਯੋਗ ਹੈ ਕਿ ਕਾਲਾਂਵਾਲੀ ਨਿਵਾਸੀ ਜਨਕ ਰਾਜ ਦੇ ਪਰਵਾਰਿਕ ਮੈਂਬਰ 19 ਅਕਤੂਬਰ ਨੂੰ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋ ਕੇ ਆਏ ਸਨ। ਜਨਕ ਰਾਜ ਦੀ ਨੂੰਹ ਆਉਦਿਆਂ ਹੀ ਸੋਨੇ ਦੇ ਗਹਿਣੇ ਉਤਾਰ ਕੇ ਰਸੋਈ ਵਿਚਲੀ ਕਟੋਰੀ ਵਿਚ ਰੱਖ ਕੇ ਸੋ ਗਈ।
ਭੁਲੇਖੇ ਨਾਲ ਸਬਜ਼ੀ ਦੇ ਛਿਲਕਿਆਂ ਨਾਲ ਸੋਨੇ ਦੇ ਗਹਿਣਿਆਂ ਵੀ ਗਲੀ ਵਿਚ ਪਸ਼ੁਆਂ ਲਈ ਬਣਾਈ ਗਈ ਜਗ੍ਹਾ 'ਤੇ ਸੁੱਟ ਦਿਤੇ ਗਏ। ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਨਾਲ ਪਤਾ ਲੱਗਾ ਕਿ ਗਹਿਣੇ ਇਕ ਢੱਠੇ ਨੇ ਸਬਜ਼ੀਆਂ ਨਾਲ ਨਿਗਲ ਲਏ। ਤਿੰਨ ਘੰਟੇ ਦੀ ਭਾਲ ਮਗਰੋਂ ਢੱਠੇ ਨੂੰ ਲੱਭ ਕੇ ਪਰਿਵਾਰ ਨੇ ਆਪਣੀ ਨਿਗਰਾਨੀ ਵਿਚ ਰਖਿਆ ਹੋਇਆ ਸੀ।