
ਸ਼ਤਾਬਦੀ ਸਮਾਗਮਾਂ ਦੀ ਅਰੰਭਤਾ ਸਹਿਜ ਪਾਠ ਨਾਲ ਅੱਜ ਹੋਵੇਗੀ
ਸੁਲਤਾਨਪੁਰ ਲੋਧੀ (ਲਖਵੀਰ ਸਿੰਘ ਲੱਖੀ): ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ਤਾਬਦੀ ਸਮਾਗਮਾਂ ਨੂੰ ਇਤਿਹਾਸਕ ਤੇ ਯਾਦਗਾਰੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਦੇਸ਼ ਵਿਦੇਸ਼ ਤੋਂ ਪਾਵਨ ਨਗਰੀ ਵਿਖੇ ਨਤਮਸਤਕ ਹੋ ਰਹੀਆਂ ਲੱਖਾਂ ਹੀ ਸੰਗਤਾਂ ਦੀ ਸਹੂਲਤ ਵਾਸਤੇ ਅਨੇਕਾਂ ਹੀ ਸੁਵਿਧਾਵਾਂ ਦਿਤੀਆਂ ਜਾ ਰਹੀਆਂ ਹਨ।
Captain Amrinder Singh
ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਤਾਬਦੀ ਸਮਾਗਮਾਂ ਮੌਕੇ ਆਯੋਜਤ ਪ੍ਰੋਗਰਾਮ ਵਾਸਤੇ ਵਿਸ਼ਾਲ ਤੇ ਆਲੀਸ਼ਾਨ ਮੁੱਖ ਪੰਡਾਲ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਹਜ਼ਾਰਾਂ ਹੀ ਕਾਰੀਗਰਾਂ ਵਲੋਂ ਤਿਆਰ ਕੀਤਾ ਗਿਆ ਹੈ ਤੇ ਅਨੇਕਾਂ ਹੀ ਪ੍ਰਕਾਰ ਦੀਆਂ ਸੁਵਿਧਾਵਾਂ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਦਿਤੀਆਂ ਜਾ ਰਹੀਆਂ ਹਨ।
ਇਨ੍ਹਾਂ ਮੁਕੰਮਲ ਹੋਈਆਂ ਤਿਆਰੀਆਂ ਸਬੰਧੀ ਸਥਾਨਕ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦਸਿਆ ਕਿ ਵਿਸ਼ਾਲ ਪੰਡਾਲ ਨੂੰ ਇਕ ਅਜੂਬੇ ਦੀ ਤਰ੍ਹਾਂ ਸਜਾਇਆ ਤੇ ਸੰਵਾਰਿਆ ਗਿਆ ਹੈ। ਪੰਡਾਲ ਦੇ ਸਾਹਮਣੇ ਵਾਲਾ ਹਿੱਸਾ ਸ੍ਰੀ ਨਨਕਾਣਾ ਸਾਹਿਬ ਜੀ ਦੀ ਯਾਦ ਤਾਜ਼ਾ ਕਰ ਰਿਹਾ ਹੈ ਜਿਸ ਨੂੰ ਕਾਰੀਗਰਾਂ ਵਲੋਂ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਸਜਾਇਆ ਗਿਆ ਹੈ। ਮੁੱਖ ਪੰਡਾਲ ਦੀਆਂ ਐਲ.ਡੀ ਲਾਈਟਾਂ ਸੰਗਤਾਂ ਨੂੰ ਹੋਰ ਵੀ ਆਕਰਸ਼ਿਤ ਕਰਦੀਆਂ ਹਨ। ਜਿਨ੍ਹਾਂ ਨੂੰ ਸੰਗਤਾਂ ਵੇਖ ਕੇ ਅਸ਼-ਅਸ਼ ਕਰ ਉਠਦੀਆਂ ਹਨ।
Navtej Singh Cheema
ਉਨ੍ਹਾਂ ਦਸਿਆ ਕਿ ਇਸ ਵਿਸ਼ਾਲ ਮੁੱਖ ਪੰਡਾਲ ਵਿਚ ਤਕਰੀਬਨ 35 ਤੋਂ 40 ਹਜ਼ਾਰ ਦੇ ਕਰੀਬ ਸੰਗਤਾਂ ਸਮਾਗਮ ਮੌਕੇ ਬੈਠ ਕੇ ਅਨੰਦ ਮਾਣ ਸਕਦੀਆਂ ਹਨ। ਸ.ਚੀਮਾ ਨੇ ਦਸਿਆ ਕਿ ਇਸ ਮੁੱਖ ਪੰਡਾਲ ਨੂੰ ਆਉਣ ਤੇ ਜਾਣ ਵਾਸਤੇ ਪਵਿੱਤਰ ਵੇਈਂ ਉਪਰ 6 ਨਵੇਂ ਪੁਲਾਂ ਦਾ ਨਿਰਮਾਣ ਕੀਤਾ ਗਿਆ ਹੈ ਜਿਨ੍ਹਾਂ ਵਿਚ ਬੂਸੋਵਾਲ ਰੋਡ ਤੋਂ ਪਲਟੂਨ ਪੁਲ, ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ 2 ਪੈਦਲ ਜਾਣ ਵਾਲੇ ਪੁਲ ਅਤੇ 2 ਪੁਲ ਪੁੱਡਾ ਕਲੋਨੀ ਵਾਲੀ ਸੜਕ 'ਤੇ ਮੁੱਖ ਪੰਡਾਲ ਦੇ ਸਾਹਮਣੇ ਬਣਾਏ ਗਏ ਹਨ।
ਉਨ੍ਹਾਂ ਦਸਿਆ ਕਿ ਹਾਲ ਅੰਦਰ 600 ਐਲਡੀ ਲਾਈਟਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਦੀ ਰੌਸ਼ਨੀ ਨਾਲ ਹਾਲ ਜਗ-ਮਗ ਕਰ ਰਿਹਾ ਹੈ। ਹਾਲ ਅੰਦਰ ਸੰਗਤ ਦੇ ਬੈਠਣ ਵਾਸਤੇ ਤਕਰੀਬਨ 8 ਹਜ਼ਾਰ ਗੱਦੇ ਵਿਛਾਏ ਗਏ ਹਨ ਜਿਨ੍ਹਾਂ 'ਤੇ ਸੰਗਤਾਂ ਅਰਾਮ ਨਾਲ ਬੈਠ ਕੇ ਕੀਰਤਨ ਦਾ ਅਨੰਦ ਮਾਣ ਸਕਣਗੀਆਂ। ਵਿਧਾਇਕ ਚੀਮਾ ਨੇ ਦਸਿਆ ਕਿ ਅੱਜ ਮੁੱਖ ਪੰਡਾਲ ਵਿਖੇ ਸਹਿਜ ਪਾਠ ਦੀ ਅਰੰਭਤਾ ਹੋਵੇਗੀ ਜਿਸ ਦੇ ਸ਼ੁਰੂਆਤ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਪਧਾਰ ਰਹੇ ਹਨ ਅਤੇ ਸਮੁੱਚੀ ਲੀਡਰਸ਼ਿਪ ਵੀ ਹਾਜ਼ਰੀਆਂ ਭਰੇਗੀ। ਸ.ਚੀਮਾ ਨੇ ਦਸਿਆ ਕਿ ਸੰਗਤਾਂ ਦੀ ਸਹੂਲਤ ਵਾਸਤੇ ਹਲਕੇ ਦੇ ਸਮੁੱਚੇ ਪਿੰਡਾਂ ਨੂੰ ਫ਼ਰੀ ਬੱਸ ਸੇਵਾ ਦਿਤੀ ਗਈ ਹੈ ਤੇ ਅੱਜ ਇਨ੍ਹਾਂ ਸਮਾਗਮਾਂ ਵਿਚ ਪਹੁੰਚਣ ਲਈ ਇਨ੍ਹਾਂ ਦਾ ਇਸਤੇਮਾਲ ਕੀਤਾ ਜਾਵੇ।