
ਰੇਲ ਮੰਤਰੀ ਨੇ ਕਿਹਾ, ਕਾਂਗਰਸ ਨੇ ਹੀ ਸੂਬੇ ਵਿਚ ਇਹ ਸਥਿਤੀ ਪੈਦਾ ਕੀਤੀ ਹੈ ਤੇ ਹੁਣ ਤੁਸੀਂ ਹੀ ਭੁਗਤੋ
ਚੰਡੀਗੜ੍ਹ : ਪੰਜਾਬ ਵਿਚ ਕੇਂਦਰ ਵਲੋਂ ਬੰਦ ਰੇਲਾਂ ਦਾ ਮਾਮਲਾ ਅੱਜ ਸੁਲਝਣ ਦੀ ਥਾਂ ਹੋਰ ਉਲਠ ਗਿਆ ਜਦੋਂ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੇ ਸੂਬੇ ਦੇ 8 ਕਾਂਗਰਸੀ ਸਾਂਸਦਾਂ ਨਾਲ ਮੀਟਿੰਗ ਵਿਚ ਪੰਜਾਬ ਨੂੰ ਸਿੱਧੀ ਚੁਨੌਤੀ ਦੇਣ ਵਾਲੀਆਂ ਟਿਪਣੀਆਂ ਕੀਤੀਆਂ। ਇਸ 'ਤੇ ਗੁੱਸੇ ਵਿਚ ਆਏ ਕਾਂਗਰਸੀ ਸਾਂਸਦਾਂ ਨੇ ਵਿਚਾਲਿਉਂ ਹੀ ਮੀਟਿੰਗ ਵਿਚੋਂ ਵਾਕਆਊਟ ਕਰ ਦਿਤਾ ਤੇ ਇਸ ਤਰ੍ਹਾਂ ਇਹ ਮੀਟਿੰਗ ਪੂਰੀ ਤਰ੍ਹਾਂ ਬੇਨਤੀਜਾ ਹੀ ਰਹੀ। ਮੀਟਿੰਗ ਵਿਚ ਸ਼ਾਮਲ ਕਾਂਗਰਸੀ ਸਾਂਸਦਾਂ ਦਾ ਕਹਿਣਾ ਹੈ ਕਿ ਉਨ੍ਹਾਂ ਬੜੇ ਸੰਜੀਦਾ ਤਰੀਕੇ ਨਾਲ ਪੰਜਾਬ ਦਾ ਪੱਖ ਪੇਸ਼ ਕਰਨ ਦਾ ਯਤਨ ਕੀਤਾ ਪਰ ਰੇਲ ਮੰਤਰੀ ਨੇ ਬੰਦ ਮਾਲ ਗੱਡੀਆਂ ਦੇ ਮਾਮਲੇ ਦੀ ਗੱਲ ਕਰਨ ਦੀ ਥਾਂ ਕੇਂਦਰ ਵਲੋਂ ਪਾਸ ਖੇਤੀ ਬਿਲਾਂ ਨੂੰ ਲੈ ਕੇ ਹੀ ਗੁੱਸਾ ਕਢਣਾ ਸ਼ੁਰੂ ਕਰ ਦਿਤਾ।
Ravneet Bittu
ਕਾਂਗਰਸੀ ਮੈਂਬਰਾਂ ਦਾ ਕਹਿਣਾ ਹੈ ਕਿ ਅਸਲ ਵਿਚ ਪੰਜਾਬ ਦੇ ਭਾਜਪਾ ਆਗੂਆਂ ਨੇ ਅੜਿੱਕਾ ਪਾਇਆ ਹੈ ਤੇ ਸਾਡੀ ਮੀਟਿੰਗ ਤੋਂ ਪਹਿਲਾਂ ਰੇਲ ਮੰਤਰੀ ਨਾਲ ਤਰੁਣ ਚੁੱਘ ਤੇ ਹੋਰ ਆਗੂਆਂ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਨਾਲ ਲੈ ਕੇ ਮੀਟਿੰਗ ਕਰ ਕੇ ਉਨ੍ਹਾਂ ਨੂੰ ਉਲਟਾ ਸਬਕ ਪੜ੍ਹਾਇਆ। ਪੰਜਾਬ ਦੇ ਮੈਂਬਰ ਰੇਲ ਮੰਤਰੀ ਨਾਲ ਮੀਟਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰੇਲਾਂ ਨੂੰ ਪੂਰੀ ਸੁਰੱਖਿਆ ਦੇਣ ਬਾਰੇ ਲਿਖਤੀ ਪੱਤਰ ਨਾਲ ਲੈ ਕੇ ਗਏ ਸਨ। ਇਥੋਂ ਤਕ ਕਿ ਗੱਡੀਆਂ ਚਾਲੂ ਕਰਨ ਸਮੇਂ ਪਹਿਲੀ ਇਕ ਇਕ ਗੱਡੀ ਵਿਚ ਕਾਂਗਰਸੀ ਸਾਂਸਦਾਂ ਨੇ ਡਰਾਈਵਰ ਨਾਲ ਖ਼ੁਦ ਬੈਠ ਕੇ ਜਾਣ ਦੀ ਪੇਸ਼ਕਸ਼ ਵੀ ਕਰ ਦਿਤੀ ਸੀ ਪਰ ਰੇਲਵੇ ਮੰਤਰੀ ਅਸਲੀ ਗੱਲ 'ਤੇ ਹੀ ਨਹੀਂ ਆਏ।
Ravneet Bittu
ਮੀਟਿੰਗ ਵਿਚ ਸ਼ਾਮਲ ਕਾਂਗਰਸੀ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਉਨ੍ਹਾਂ ਬੜੀ ਹੀ ਨਿਮਰਤਾ ਨਾਲ ਰੇਲ ਮੰਤਰੀ ਨੂੰ ਮਾਲ ਗੱਡੀਆਂ ਬੰਦ ਹੋਣ ਕਾਰਨ ਪੈਦਾ ਹੋਈ ਸਥਿਤੀ ਤੇ ਹੋਰ ਨੁਕਸਾਨ ਬਾਰੇ ਦਸਣ ਦਾ ਯਤਨ ਕੀਤਾ ਪਰ ਰੇਲ ਮੰਤਰੀ ਇਸ ਗੱਲ 'ਤੇ ਹੀ ਖ਼ਫ਼ਾ ਸਨ ਕਿ ਸਾਰੇ ਬਾਕੀ ਰਾਜਾਂ ਨੇ ਖੇਤੀ ਬਿਲਾਂ ਨੂੰ ਪ੍ਰਵਾਨ ਕੀਤਾ ਹੈ ਪਰ ਇਕੱਲੇ ਪੰਜਾਬ ਨੇ ਹੀ ਇਨ੍ਹਾਂ ਨੂੰ ਕਿਉਂ ਨਹੀਂ ਪ੍ਰਵਾਨ ਕੀਤਾ? ਉਨ੍ਹਾਂ ਕਾਂਗਰਸ ਉਪਰ ਹੀ ਕਿਸਾਨਾਂ ਨੂੰ ਟਰੈਕ ਤੇ ਬਿਠਾਉਣ ਤੇ ਅੰਦੋਲਨ ਲਈ ਭੜਕਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਤੁਸੀ ਭੁਗਤੋ ਅਤੇ ਇਸ ਤਰ੍ਹਾਂ ਰੇਲਾਂ ਨਹੀਂ ਚਲਣਗੀਆਂ। ਤੁਸੀਂ ਹੀ ਇਹ ਸਥਿਤੀ ਪੈਦਾ ਕੀਤੀ ਹੈ।
Piyush Goyal
ਕਾਂਗਰਸੀ ਸਾਂਸਦ ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਅਸੀ ਪਾਰਟੀ ਤੋਂ ਉਪਰ ਉਠ ਕੇ ਵਧੀਆ ਤਰੀਕੇ ਨਾਲ ਨਿਰਪੱਖ ਰੂਪ ਵਿਚ ਅਪਣਾ ਪੱਖ ਰੱਖਣ ਦਾ ਯਤਨ ਕੀਤਾ ਪਰ ਰੇਲ ਮੰਤਰੀ ਸੁਣਨ ਨੂੰ ਹੀ ਤਿਆਰ ਨਹੀਂ ਸਨ। ਅਸੀ ਕਿਹਾ ਕਿ ਪੰਜਾਬ ਇਕ ਸਰਹੱਦੀ ਰਾਜ ਹੈ ਅਤੇ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨਾਲ ਕੇਂਦਰ ਤਾਨਾਸ਼ਾਹੀ ਵਿਵਹਾਰ ਕਰ ਰਿਹਾ ਹੈ। ਕਿਸਾਨਾਂ ਨਾਲ ਗੱਲਬਾਤ ਨਾ ਕਰਨਾ, ਪੇਂਡੂ ਫ਼ੰਡ ਤੇ ਮਾਲ ਗੱਡੀਆਂ ਰੋਕਣਾ ਇਸ ਦੀ ਮਿਸਾਲ ਹਨ। ਪਰ ਰੇਲ ਮੰਤਰੀ ਨੇ ਰੇਲ ਸਮੱਸਿਆ ਬਾਰੇ ਗੱਲ ਕਰਨ ਦੀ ਥਾਂ ਪੰਜਾਬ ਨੂੰ ਚੁਨੌਤੀ ਦੇਣ ਵਾਲੀਆਂ ਗੱਲਾਂ ਸ਼ੁਰੂ ਕਰ ਦਿਤੀਆਂ ਜਿਸ ਕਰ ਕੇ ਸਾਨੂੰ ਮੀਟਿੰਗ ਵਿਚੋਂ ਹੀ ਵਾਕਆਊਟ ਕਰ ਕੇ ਬਾਹਰ ਆਉਣਾ ਪਿਆ।