
ਅਰਥਚਾਰਾ ਉਮੀਦ ਤੋਂ ਵੱਧ ਤੇਜ਼ੀ ਨਾਲ ਪਟੜੀ 'ਤੇ ਪਰਤ ਰਿਹਾ ਹੈ : ਜਾਵੜੇਕਰ
ਨਵੀਂ ਦਿੱਲੀ, 4 ਨਵੰਬਰ : ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਅਰਥਚਾਰਾ ਉਮੀਦ ਤੋਂ ਵੱਧ ਤੇਜ਼ੀ ਨਾਲ ਪਟੜੀ 'ਤੇ ਪਰਤ ਰਿਹਾ ਹੈ। ਜਾਵੜੇਕਰ ਨੇ ਬੁਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਬਿਜਲੀ ਦੀ ਮੰਗ ਵਿਚ ਵਾਧਾ ਅਤੇ ਮਾਲ ਅਤੇ ਸੇਵਾ ਕਰ (ਜੀ.ਐਸ.ਟੀ) ਮਾਲੀਏ ਵਿਚ ਵਾਧੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹੁਣ ਅਰਥਚਾਰਾ ਪਟੜੀ 'ਤੇ ਪਰਤ ਰਿਹਾ ਹੈ। ਉਨ੍ਹਾਂ ਕਿਹਾ,''ਰੇਲਵੇ ਦੀ ਮਾਲ ਢੁਲਾਈ ਤੋਂ ਪ੍ਰਾਪਤ ਵਾਧਾ, ਉੱਚਾ ਜੀਐਸਟੀ ਮਾਲੀਆ, ਬਿਜਲੀ ਦੀ ਮੰਗ ਵਿਚ ਵਾਧਾ ਅਤੇ ਸਾਫ਼ ਵਿਦੇਸ਼ੀ ਨਿਵੇਸ਼ ਵਿਚ ਸੁਧਾਰ ਨਾਲ ਸੰਕੇਤ ਮਿਲਦਾ ਹੈ ਕਿ ਮੌਜੂਦਾਦ ਵਿੱਤ ਸਾਲ ਦੀ ਦੂਜੀ ਤਿਮਾਹੀ ਵਿਚ ਅਰਥਚਾਰੇ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ।''
ਉਨ੍ਹਾਂ ਕਿਹਾ ਚੰਗੀ ਬਾਰਸ਼ ਕਾਰਨ ਖੇਤੀ ਖੇਤਰ ਦੀ ਬਿਜਲੀ ਖ਼ਪਤ ਘੱਟ ਰਹੀ ਹੈ। ਉਥੇ ਹੀ ਰੇਲਵੇ ਦੀ ਬਿਜਲੀ ਖਪਤ ਵੀ ਹਾਲੇ ਘੱਟ ਹੈ। ਇਸ ਦੇ ਬਾਵਜੂਦ ਬਿਜਲੀ ਦੀ ਕੁੱਲ ਮੰਗ ਵਿਚ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ,''ਬਿਜਲੀ ਦੀ ਮੰਗ ਵਿਚ 12 ਫ਼ੀ ਸਦੀ ਦੇ ਵਾਧਾ ਤੋਂ ਪਤਾ ਚਲਦਾ ਹੈ ਕਿ ਉਤਪਾਦ ਖੇਤਰ ਦੀ ਸਥਿਤੀ ਹੁਣ ਪੂਰੀ ਤਰ੍ਹਾਂ ਆਮ ਵਰਗੀ ਹੋ ਚੁੱਕੀ ਹੈ।'' (ਪੀਟੀਆਈ)