
ਕੈਪਟਨ ਵਿਰੁਧ ਧਰਨਾ ਦੇਣ ਦੀ ਥਾਂ ਕੇਜਰੀਵਾਲ ਤੋਂ ਦਿੱਲੀ ਵਿਧਾਨ ਸਭਾ 'ਚ ਕੇਂਦਰ ਵਿਰੁਧ ਮਤਾ ਪਾਸ ਕਰਵਾਉ : ਸੁਖਜਿੰਦਰ ਸਿੰਘ ਰੰਧਾਵਾ
ਚੰਡੀਗੜ੍ਹ, 4 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਚੰਡੀਗੜ੍ਹ ਵਿਚ 'ਆਪ' ਵਲੋਂ ਕੈਪਟਨ ਅਮਰਿੰਦਰ ਸਿੰਘ ਵਿਰੁਧ ਦਿਤੇ ਧਰਨੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਚਾਹੀਦਾ ਹੇ ਕਿ ਕੈਪਟਨ ਵਿਰੁਧ ਧਰਨੇ ਦੀ ਥਾਂ ਅਪਣੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਕੇਂਦਰੀ ਖੇਤੀ ਬਿਲਾਂ ਵਿਰੁਧ ਉਥੋਂ ਦੀ ਵਿਧਾਨ ਸਭਾ ਵਿਚ ਮਤਾ ਪਾਸ ਕਰਵਾਉਣ।
ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਘਰ ਅੱਗੇ 'ਆਪ' ਨੂੰ ਧਰਨਾ ਦੇਣਾ ਚਾਹੀਦਾ ਹੈ ਜਦਕਿ ਕੈਪਟਨ ਸਰਕਾਰ ਨੇ ਤਾਂ ਕੇਂਦਰੀ ਖੇਤੀ ਬਿਲਾਂ ਵਿਰੁਧ ਵੀ ਵਿਧਾਨ ਸਭਾ ਵਿਚ ਮਤਾ ਪਾਸ ਕਰ ਦਿਤਾ ਹੈ ਤੇ ਹੋਰ ਸਾਰੇ ਕਦਮ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਵਿਧਾਨ ਸਭਾ ਵਿਚ ਪਾਸ ਬਿਲਾਂ ਵਿਚ ਕਮੀ ਲਗਦੀ ਹੈ ਤਾਂ ਦਿੱਲੀ ਵਿਧਾਨ ਸਭਾ ਵਿਚ ਵਧੀਆ ਬਿਲ ਪਾਸ ਕਿਉਂ ਨਹੀਂ ਕਰਵਾਉਂਦੇ?
ਰੰਧਾਵਾ ਨੇ ਖੇਤੀ ਬਿਲਾਂ 'ਤੇ ਕਾਂਗਰਸ ਵਲੋਂ ਸਿਆਸਤ ਕਰਨ ਦੇ ਦੋਸ਼ਾਂ ਤੋਂ ਵੀ ਇਨਕਾਰ ਕਰਦਿਆਂ ਕਿਹਾ ਕਿ ਕਾਂਗਰਸ ਤਾਂ ਕਿਸਾਨਾਂ ਦੇ ਅੰਦੋਲਨ ਵਿਚ ਬਿਨਾਂ ਪਾਰਟੀ ਵੰਡੇ ਤੋਂ ਵੀ ਚਲਣ ਨੂੰ ਤਿਆਰ ਹੈ। ਕਿਸਾਨਾਂ ਨਾਲ ਮੀਟਿੰਗ ਦੇ ਨਤੀਜੇ ਬਾਰੇ ਉਨ੍ਹਾਂ ਕਿਹਾ ਕਿ ਇਹ ਵਿਚਾਰ ਚਰਚਾ ਤਾਂ ਅਸੀ ਲਗਾਤਾਰ ਅੱਗੇ ਵੀ ਕਰਦੇ ਰਹਾਂਗੇ। ਕਿਸਾਨਾਂ ਦਾ ਰੇਲ ਟਰੈਕ ਖ਼ਾਲੀ ਕਰਨ ਬਾਰੇ ਹੁੰਗਾਰਾ ਹਾਂ ਪੱਖੀ ਹੈ।